ਨੂਰਪੁਰਬੇਦੀ: ਜਿਉਂ ਹੀ ਠੰਡ ਦੇ ਮੌਸਮ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੀ ਉਸਦੇ ਨਾਲ ਹੀ ਚੋਰਾਂ ਦੇ ਵੀ ਹੋਂਸਲੇ ਬੁਲੰਦ ਹੋਣੇ ਸ਼ੁਰੂ ਹੋ ਗਏ ਹਨ ਇਸੇ ਤਹਿਤ ਬਲਾਕ ਨੂਰਪੁਰਬੇਦੀ ਦੇ ਪਿੰਡ ਤਖ਼ਤਗੜ੍ਹ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਲੱਖਾਂ ਰੁਪਏ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ।
ਦੱਸਣਯੋਗ ਹੈ ਕਿ ਬੀਤੀ ਰਾਤ ਪਿੰਡ ਤਖਤਗੜ ਵਿਖੇ ਇੱਕ ਕਾਰੋਬਾਰੀ ਐਮ.ਜੀ ਉਦਯੋਗ ਦੇ ਦਫ਼ਤਰ ਦਾ ਤਾਲਾ ਤੋੜਕੇ ਚੋਰ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਤੇ ਇਸੀ ਰਾਤ ਹੀ ਬੱਸ ਅੱਡਾ ਬੈਂਸ ਵਿਖੇ ਸਥਿਤ ਇੱਕ ਜਿਊਲਰਜ਼ ਦੀ ਦੁਕਾਨ ਦੇ ਸ਼ਟਰ ਨੂੰ ਲਗਾਏ ਦੋਨੋਂ ਤਾਲੇ ਵੀ ਤੋੜੇ ਗਏ ਪਰ ਚੋਰ ਇੱਥੋਂ ਕੁਝ ਚੋਰੀ ਕਰਨ ’ਚ ਅਸਫਲ ਰਹੇ।
ਐਮ.ਜੀ ਉਦਯੋਗ ਦੇ ਮਾਲਕ ਸੁਦੇਸ਼ ਵੋਹਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਨੇ ਕਿਸੀ ਕਾਰੋਬਾਰ ਦੇ ਪਲਾਨ ਤਹਿਤ ਅੱਜ ਕਿਸੀ ਵਿਅਕਤੀ ਨੂੰ ਪੇਮੈਂਟ ਕਰਨੀ ਸੀ ਤੇ ਉਨ੍ਹਾਂ ਇਕੱਠੀ ਕੀਤੀ ਕਰੀਬ 15 ਤੋਂ 16 ਲੱਖ ਰੁਪਏ ਦੀ ਰਕਮ ਆਪਣੇ ਦਫ਼ਤਰ ’ਚ ਹੀ ਰੱਖ ਦਿੱਤੀ ਪਰ ਰਾਤ ਸਮੇਂ ਦਫ਼ਤਰ ਦਾ ਤਾਲਾ ਤੋੜਕੇ ਚੋਰਾਂ ਨੇ ਇਸ ਰਕਮ ’ਤੇ ਆਪਣਾ ਹੱਥ ਸਾਫ਼ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਘਟਨਾ ਸਥਾਨ ਦਾ ਜ਼ਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਫਿੰਗਰ ਪ੍ਰਿੰਟਰ ਮਾਹਿਰ ਬੁਲਾ ਕੇ ਚੋਰੀ ’ਚ ਸ਼ਾਮਿਲ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।