ਅਨੰਦਪੁਰ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ SGPC ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takhat Sri Kesgarh Sahib) ਵਿਖੇ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। 29 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ ਦਿਨ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਪ੍ਰਕਾਸ਼ ਦਿਹਾੜਾ ਮਨਾਉਣ ਦੀ ਤਿਆਰੀ ਮੁਕੰਮਲ: ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਤਿੰਨ ਦਿਨਾਂ ਤੋਂ ਚਲ ਰਹੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਭੋਗ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਹਜੂਰੀ ਰਾਗੀ ਦਰਬਾਰ ਸਾਹਿਬ ਅਤੇ ਹਜੂਰੀ ਰਾਗੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਹੋਰ ਸਕੂਲਾਂ ਦੇ ਵਿਦਿਆਰਥੀ ਕੀਰਤਨ ਕਰਨਗੇ। ਸੰਗਤ ਨੂੰ ਨਿਹਾਲ ਕਰਨਗੇ ਇਸ ਮੌਕੇ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੋਣਗੇ।
ਇਹ ਵੀ ਪੜ੍ਹੋ: ਕੋਰੋਨਾ ਦੀ ਦਸਤਕ ਨਾਲ ਪ੍ਰਵਾਸੀ ਲੇਬਰ 'ਚ ਸਹਿਮ, 2 ਸਾਲ ਪਹਿਲਾਂ ਘਰਾਂ ਨੂੰ ਵਾਪਸੀ ਸਮੇਂ ਹੋਈ ਸੀ ਦੁਰਗਤੀ, ਸਨਅਤਕਾਰ ਵੀ ਘਬਰਾਏ
ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਧਰਮ ਦੇ ਫ਼ਰਕ ਨੂੰ ਦੂਰ ਕਰਦਿਆਂ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਹੈ।
ਇੱਕ ਜੁਝਾਰੂ ਯੋਧਾ ਹੋਣ ਦੇ ਨਾਲ-ਨਾਲ ਉਹ ਕਲਮ ਦੇ ਵੀ ਧਨੀ ਸਨ। ਉਨ੍ਹਾਂ ਨੇ 52 ਕਵੀ ਆਪਣੇ ਦਰਬਾਰ ਵਿੱਚ ਰੱਖੇ ਸਨ, ਉਨ੍ਹਾਂ ਨੂੰ ਸੰਸਕ੍ਰਿਤ, ਬ੍ਰਜ, ਉਰਦੂ, ਹਿੰਦੀ, ਗੁਰਮੁੱਖੀ, ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਦਾ ਵੀ ਗਿਆਨ ਸੀ। ਜਦੋਂ ਧੀਰ-ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੂੰਹ ਜ਼ੁਬਾਨੀ ਆਦਿ ਗ੍ਰੰਥ ਸਾਹਿਬ ਜਾ ਉਤਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਇਆ ਸੀ। ਇਸਤੋਂ ਇਲਾਵਾ ਗੁਰੂ ਸਾਹਿਬ ਜੀ ਦਸਮ ਗ੍ਰੰਥ, ਚੰਡੀ ਦੀ ਵਾਰ ਅਤੇ ਸਭ ਤੋਂ ਉੱਤਮ ਜ਼ਫ਼ਰਨਾਮਾ ਜੋ ਕਿ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਦੀ ਰਚਨਾ ਕੀਤੀ।