ਰੂਪਨਗਰ: ਬੇਮੌਸਮੀ ਬਰਸਾਤ ਤੋਂ ਬਾਅਦ ਜਿੱਥੇ ਕਿਸਾਨਾਂ ਵਿੱਚ ਵੱਡੇ ਪੱਧਰ ਉੱਤੇ ਨਿਰਾਸ਼ਾ ਦਿਖਾਈ ਦੇ ਰਹੀ ਸੀ, ਉਥੇ ਪਿਛਲੇ ਕੁਝ ਦਿਨਾਂ ਤੋਂ ਸਾਫ਼ ਮੌਸਮ ਹੋਣ ਤੋਂ ਬਾਅਦ ਜੋ ਫ਼ਸਲ ਸੁੱਕੀ ਹੈ, ਉਹ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ।ਜ਼ਿਲ੍ਹਾ ਰੂਪਨਗਰ ਦੀ ਮੰਡੀ ਵਿੱਚ ਵਿੱਚ ਕਣਕ ਦੀ ਪਹਿਲੀ ਢੇਰੀ ਪਹੁੰਚੀ ਹੈ। ਪਿੰਡ ਗੁਰਦਾਸਪੁਰ ਦਾ ਕਿਸਾਨ ਜਸਵਿੰਦਰ ਸਿੰਘ ਆਪਣੀ 6 ਏਕੜ ਜ਼ਮੀਨ ਵਿੱਚੋਂ ਕਣਕ ਵਢਾਕੇ ਦਾਣਾ ਮੰਡੀ ਰੂਪਨਗਰ ਵਿੱਚ ਪਹੁੰਚਿਆ ਹੈ, ਜੋ ਕਿ ਨਿਰਾਸ਼ ਦਿਖਾਈ ਦੇ ਰਿਹਾ ਹੈ।
ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ: ਜਦੋਂ ਕਿਸਾਨ ਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੀਬ ਹਰ ਇੱਕ ਏਕੜ ਵਿੱਚ 25 ਤੋਂ 30 ਫ਼ੀਸਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਜਿਸ ਨਾਲ ਉਸ ਉੱਤੇ ਆਰਥਿਕ ਬੋਝ ਵਧ ਗਿਆ ਹੈ। ਕਿਸਾਨ ਦਾ ਕਹਿਣਾ ਸੀ ਕਿ ਉਸ ਵੱਲੋਂ ਬਹੁਤ ਹੀ ਉਮੀਦਾਂ ਨਾਲ ਇਸ ਵਾਰੀ ਫਸਲ ਬੀਜੀ ਗਈ ਸੀ, ਪਰ ਬੇਮੌਸਮੇ ਮੀਂਹ ਕਾਰਨ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਜ਼ਿਮੀਂਦਾਰ ਤੇ ਆੜ੍ਹਤੀਏ ਦੋਨਾਂ ਦਾ ਨੁਕਸਾਨ: ਦੂਜੇ ਪਾਸੇ, ਦਾਣਾ ਮੰਡੀ ਵਿੱਚ ਮੌਜੂਦ ਆੜ੍ਹਤੀ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦਾਣਾ ਮੰਡੀ ਵਿੱਚ ਫਸਲ ਦੀ ਆਮਦ ਸ਼ੁਰੂ ਹੋਈ ਹੈ, ਪਰ ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਉਤਰੇ ਨਜ਼ਰ ਆ ਰਹੇ ਹਨ, ਕਿਉਂਕਿ ਇਸ ਵਾਰ ਕਿਸਾਨਾਂ ਦੀ ਨੁਕਸਾਨ ਕਾਫੀ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਕੋਲੋਂ ਹੀ ਉਮੀਦ ਹੈ ਕਿ ਉਹ ਇਸ ਦੀ ਭਰਪਾਈ ਕਰ ਦੇਵੇਗੀ। ਉਨ੍ਹਾਂ ਕਿਹਾ ਜੋ ਹੁਣ ਹਾਲਾਤ ਹੈ ਜ਼ਿਮੀਂਦਾਰ ਤੇ ਆੜ੍ਹਤੀਏ ਦੋਨਾਂ ਦਾ ਨੁਕਸਾਨ ਹੈ।
ਹਰਦੇਵ ਸਿੰਘ ਨੇ ਕਿਹਾ ਸਰਕਾਰ ਵੱਲੋਂ ਵੈਸਾਖੀ ਤੱਕ ਦਾ ਸਮਾਂ ਦਿੱਤਾ ਗਿਆ ਹੈ, ਬਾਕੀ ਫ਼ਸਲਾਂ ਦੀ ਗਿਰਦਾਵਰੀ ਵੀ ਕੀਤੀ ਜਾ ਰਹੀ ਹੈ। ਵੇਖੋ ਕਿ ਅੱਗੇ ਕੀ ਬਣਦਾ ਹੈ। ਹਰਦੇਵ ਸਿੰਘ ਨੇ ਕਿਹਾ ਕਿ ਲਗਾਤਾਰ ਪਿਛਲੀਆਂ ਤਿੰਨ ਫਸਲਾਂ ਉੱਤੇ ਕੁਦਰਤੀ ਆਫਤਾਂ ਦੇ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਉੱਤੇ ਵੀ ਅਸਰ ਪਿਆ ਹੈ।
ਕਿਸਾਨਾਂ ਨਾਲ ਧੱਕਾ ਨਾ ਹੋਵੇ, ਇਸ ਲਈ ਹੈਲਪਲਾਈਨ ਨੰਬਰ ਜਾਰੀ: ਜ਼ਿਕਰਯੋਗ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪ ਖੇਤਾਂ ਵਿੱਚ ਜਾ ਕੇ ਗਿਰਦਾਵਰੀ ਦੀ ਦੇਖ ਰੇਖ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜੇਕਰ ਗਿਰਦਾਵਰੀ ਮੌਕੇ ਕਿਸੇ ਵੀ ਕਿਸਾਨ ਨਾਲ ਕੋਈ ਬੇਇਨਸਾਫ਼ੀ ਜਾਂ ਧੱਕਾ ਹੁੰਦਾ ਹੈ, ਤਾਂ ਕਿਸਾਨ 9309388088 ਨੰਬਰ ਉੱਤੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ। ਇਸ ਨੰਬਰ ਉੱਤੇ ਵਾਟਸਐਪ ਜ਼ਰੀਏ ਵੀ ਸ਼ਿਕਾਇਤ ਦਰਜ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ: Mustard Crop Price: MSP ਦੀ ਖੇਡ 'ਚ ਉਲਝੇ ਕਿਸਾਨ, ਕਿਹਾ- ਇਸ ਸਾਲ ਸਰ੍ਹੋਂ ਦੀ ਫ਼ਸਲ ਦਾ ਮਿਲ ਰਿਹੈ ਘੱਟ ਮੁੱਲ