ਸ੍ਰੀ ਅਨੰਦਪੁਰ ਸਾਹਿਬ : ਸੂਬੇ ਭਰ ਵਿੱਚ ਪੰਜਾਬ ਦੇ ਅਧਿਆਪਕਾਂ ਨੇ ਗੌਰਮਿੰਟ ਟੀਚਰ ਯੂਨੀਅਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਪੰਜਾਬ ਭਰ ਵਿੱਚ ਅਧਿਆਪਕਾਂ ਨੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਹਿਰਾ ਕੇ ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ। ਆਧਿਆਪਕਾਂ ਨੇ ਇਹ ਵਿਰੋਧ ਆਪਣੀਆਂ ਤਨਖਾਹਾਂ ਵਿੱਚ ਹੋਈ ਕਟੌਤੀ, ਮੋਬਾਇਲ ਭੱਤਿਆਂ ਵਿੱਚ ਕਟੌਤੀ ਅਤੇ ਆਪਣੇ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਵਿਰੁੱਧ ਕੀਤਾ ਹੈ।
ਇਸੇ ਤਰ੍ਹਾਂ ਹੀ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਅਧੀਨ ਪੈਂਦੇ ਨੂਰਪੁਰ ਬੇਦੀ ਇਲਾਕੇ ਦੇ ਅਧਿਆਪਕ ਵੀ ਆਪਣੇ ਘਰਾਂ ਦੇ ਉੱਪਰ ਕਾਲੇ ਝੰਡੇ ਲਹਿਰਾਉਂਦੇ ਹੋਏ ਦਿਖਾਈ ਦਿੱਤੇ। ਇਸ ਮੌਕੇ ਅਧਿਆਪਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਖ਼ਜ਼ਾਨੇ ਨੂੰ ਭਰਨ ਦੇ ਲਈ ਕੇਵਲ ਤੇ ਕੇਵਲ ਅਧਿਆਪਕਾਂ ਦੀਆਂ ਤਨਖਾਹਾਂ ਦੇ ਉੱਪਰ ਕੱਟ ਲਗਾਏ ਜਾ ਰਹੇ ਹਨ, ਅਧਿਆਪਕਾਂ ਦਾ ਮੋਬਾਇਲ ਭੱਤਾ ਘੱਟ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਦਾ ਬੱਚਾ ਬੱਚਾ ਇਹ ਜਾਣਦਾ ਹੈ ਕਿ ਪੰਜਾਬ ਦੇ ਖਜ਼ਾਨੇ ਦੇ ਉੱਪਰ ਸਭ ਤੋਂ ਜ਼ਿਆਦਾ ਭਾਰ ਕਿਹੜੇ ਵਰਗ ਵੱਲੋਂ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨੀਂਦ ਦੇ ਵਿੱਚੋਂ ਉਠਾਉਣ ਦੇ ਲਈ ਅੱਜ ਪੰਜਾਬ ਦਾ ਸਮੁੱਚਾ ਅਧਿਆਪਕ ਵਰਗ ਆਪਣੇ ਘਰਾਂ ਦੇ ਵਿਚ ਕਾਲੇ ਝੰਡੇ ਲੈ ਕਿ ਪੰਜਾਬ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਵਿਰੋਧ ਦੇ ਵਿੱਚ ਖੜ੍ਹਾ ਹੋਇਆ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਅਧਿਆਪਕਾਂ ਪ੍ਰਤੀ ਅਪਣਾਈਆਂ ਜਾ ਰਹੀਆਂ ਦਮਨਕਾਰੀ ਨੀਤੀਆਂ ਨੂੰ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਅਧਿਆਪਕ ਵਰਗ ਉਹ ਵਰਗ ਹੈ ਜਿਸ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਬਿਹਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਅਧਿਆਪਕਾਂ ਨੇ ਕਿਹਾ ਕਿ ਵਿੱਦਿਅਕ ਕੰਮਾਂ ਤੋਂ ਇਲਾਵਾ ਪੰਜਾਬ ਦੇ ਅਧਿਆਪਕਾਂ ਨੂੰ ਹਰ ਕੰਮ ਦੇ ਲਈ ਡਿਊਟੀ ਤੇ ਭੇਜਿਆ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਕਦੇ ਵੀ ਨਾ ਤਾਂ ਡਿਉਟੀ ਦੇਣ ਤੋਂ ਮਨਾਹੀ ਕੀਤੀ ਜਾਂਦੀ ਹੈ ਤੇ ਨਾ ਹੀ ਡਿਊਟੀ ਦੇ ਲਈ ਕੁਤਾਹੀ ਕੀਤੀ ਜਾਂਦੀ ਹੈ । ਅਜਿਹੇ 'ਚ ਜੇਕਰ ਪੰਜਾਬ ਦੇ ਅਧਿਆਪਕਾਂ ਦੇ ਨਾਲ ਧੱਕਾ ਹੋਵੇਗਾ ਤਾਂ ਉਹ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।