ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਸਤਲੁਜ ਦਰਿਆ ਨੂੰ ਚੇਨੇਲਾਈਜ ਕਰਨ ਲਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਸਤਲੁਜ ਦਰਿਆ ਦੇ ਕਿਨਾਰੇ ਰਹਿੰਦੇ ਦਰਜਨਾਂ ਪਿੰਡ ਹਰ ਸਾਲ ਬਰਸਾਤ ਦੇ ਮੌਸਮ 'ਚ ਹੜਾਂ ਦੀ ਮਾਰ ਝੱਲਦੇ ਹਨ ਤੇ ਹਰ ਸਾਲ ਕਿਨਾਰੇ ਬਸੇ ਦਰਜਨਾਂ ਪਿੰਡਾਂ ਦਾ ਕਾਫੀ ਮਾਲੀ ਨੁਕਸਾਨ ਹੁੰਦਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਸਪੀਕਰ ਨੇ ਸਤਲੁਜ ਦਰਿਆ ਨੂੰ ਚੈਨੇਲਾਈਜ ਕਰਨ ਲਈ ਚੀਫ ਇੰਜੀਨੀਅਰ ਤੇ ਮਾਈਨਿੰਗ ਅਧਿਕਾਰੀਆਂ ਨੂੰ ਨਾਲ ਲੈ ਕੇ ਦਰਿਆ ਦਾ ਦੌਰਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਣਾ ਕੇਪੀ ਸਿੰਘ ਨੇ ਦੱਸਿਆ ਕਿ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਲੋਦੀਪੁਰ ਪਿੰਡ ਵਿਚੋਂ ਲੰਘਦੇ ਸਤਲੁਜ ਦਰਿਆ ਨੂੰ ਚੈਨਲਾਈਜ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚਾਲੀ ਲੱਖ ਰੁਪਏ ਖਾਲਸਾ ਸਕੂਲ ਦੇ ਨਾਲ ਤੋਂ ਲੰਘਦੀ ਚਰਨ ਗੰਗਾ ਖੱਡ ਵਿੱਚ ਲਗਾਇਆ ਜਾਏਗਾ। 70 ਲੱਖ ਰੁਪਏ ਹਰਸ਼ਾ ਬੇਲਾ ਪਿੰਡ ਨਾਲੋ ਲੰਘਦੇ ਸਤਲੁਜ ਦਰਿਆ ਵਿੱਚ ਲਗਾਇਆ ਜਾਏਗਾ। ਇਸ ਦੇ ਨਾਲ ਹੀ 50 ਲੱਖ ਰੁਪਏ ਪਿੰਡ ਬੁਰਜ ਨਾਲੋਂ ਲੰਘਦੇ ਸਤਲੁਜ ਦਰਿਆ ਨੂੰ ਚੈਨਲਾਈਜ਼ ਕਰਨ ਲਈ ਲਗਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 210 ਕਰੋੜ ਰੁਪਏ ਦੀ ਲਾਗਤ ਨਾਲ ਸਵਾਂ ਨਦੀ ਨੂੰ ਵੀ ਚੈਨੇਲਾਈਜ਼ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪਰਗਟ ਸਿੰਘ ਵੱਲੋਂ ਪ੍ਰੈਸ ਨੂੰ ਦਿੱਤੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਜ਼ਿੰਦਾ ਦਿਲ ਪਾਰਟੀਆਂ ਦੇ ਵਿੱਚ ਛੋਟੀਆਂ-ਮੋਟੀਆਂ ਤਕਰਾਰਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਮਸਲੇ ਸੁਲਝਾ ਲਏ ਜਾਣਗੇ।
ਉਧਰ ਡਰੇਨੇਜ਼ ਵਿਭਾਗ ਦੇ ਚੀਫ ਇੰਜੀਨੀਅਰ ਨੇ ਦੱਸਿਆ ਕਿ ਇਹ ਕੰਮ ਜਲਦੀ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਤੱਕ ਕੰਮ ਮੁਕੰਮਲ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ 'ਚ 100 ਕਰੋੜ ਦੀ ਲਾਗਤ ਨਾਲ ਪਿੰਡਾਂ ਦੀ ਡ੍ਰੇਨੇਜ ਦੀ ਸਫ਼ਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ:ਕਿਰਪਾਨ ’ਤੇ ਰੋਕ ਮਾਮਲੇ 'ਚ SGPC ਨੇ ਆਸਟ੍ਰੇਲੀਆ ਸਰਕਾਰ ਨੂੰ ਲਿਖਿਆ ਪੱਤਰ