ਰੂਪਨਗਰ: ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ ਵੱਖ-ਵੱਖ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਮਨਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਜ਼ਰੀਏ ਵਿਦਿਆਰਥੀ ਵਰਗ ਨਾਲ ਕਈ ਵਧੀਕੀਆਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਰਕਾਰ ਵੱਲੋਂ 70 ਫੀਸਦੀ ਮੈਡੀਕਲ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਤੁਰੰਤ ਇਸ ਫੈਸਲੇ ਨੂੰ ਵਾਪਸ ਲਵੇ। ਦੂਜੀ ਮੰਗ ਹੈ ਕਿ ਜੋ ਪੰਜਾਬ ਸਰਕਾਰ ਨੇ ਨਿੱਜੀ ਸਕੂਲ ਵਾਲਿਆਂ ਨੂੰ ਕਿਹਾ ਹੈ ਕਿ ਉਹ ਬੱਚਿਆਂ ਤੋਂ 70 ਫੀਸਦੀ ਫੀਸ ਲੈ ਸਕਦੇ ਹਨ, ਵਿਦਿਆਰਥੀ ਵਰਗ ਇਸ ਚੀਜ਼ ਦਾ ਵਿਰੋਧ ਕਰਦਾ ਹੈ।
ਬੱਚਿਆਂ ਦੇ ਮਾਪੇ ਕੋਰੋਨਾ ਦੀ ਮਹਾਮਾਰੀ ਦੇ ਚੱਲਦੇ ਆਰਥਿਕ ਤੰਗੀ ਦਾ ਸ਼ਿਕਾਰ ਹਨ ਅਤੇ ਉਹ ਇਹ ਫੀਸਾਂ ਨੂੰ ਨਹੀਂ ਦੇ ਸਕਦੇ। ਨਿੱਜੀ ਸਕੂਲਾਂ ਵੱਲੋਂ ਫੀਸ ਵਸੂਲਣ ਉੱਤੇ ਦਿੱਤਾ ਫ਼ੈਸਲਾ ਸਰਕਾਰ ਤੁਰੰਤ ਵਾਪਸ ਲਵੇ ਅਤੇ ਸਾਰੇ ਬੱਚਿਆਂ ਦੀ ਫੀਸ ਮੁਆਫ ਕਰੇ।
ਤੀਜੀ ਮੰਗ ਹੈ ਕਿ ਕਾਲਜਾਂ ਦੇ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੇਪਰ ਲੈਣ ਤੋਂ ਪਹਿਲਾਂ ਇੱਕ ਮਹੀਨਾ ਕਲਾਸਾਂ ਲਗਾਉਣ ਦਾ ਸਮਾਂ ਦਿੱਤਾ ਜਾਵੇ ਨਹੀਂ ਤਾਂ ਇਹ ਪੇਪਰ ਰੱਦ ਕੀਤੇ ਜਾਣ ਤੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ਵਿੱਚ ਪ੍ਰਮੋਟ ਕੀਤਾ ਜਾਵੇ। ਚੌਥੀ ਮੰਗ ਹੈ ਕਿ ਜੋ ਵਿਦਿਆਰਥੀ ਆਗੂ ਹਨ, ਬੁੱਧੀਜੀਵੀ ਹਨ, ਜੋ ਵਿਦਿਆਰਥੀ ਵਰਗ ਦੀ ਮੰਗ ਚੁੱਕਦੇ ਹਨ ਉਨ੍ਹਾਂ ਉੱਤੇ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਉਨ੍ਹਾਂ ਦੇ ਕੇਸ ਖ਼ਾਰਜ ਕੀਤੇ ਜਾਣ ਤੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।
ਵਿਦਿਆਰਥੀ ਵਰਗ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਇਹ ਸਾਰੀਆਂ ਮੰਗਾਂ ਨੂੰ ਮਨਜ਼ੂਰ ਨਾ ਕੀਤਾ ਤਾਂ ਉਹ ਪੰਜਾਬ ਭਰ ਦੇ ਵਿੱਚ 10 ਤਰੀਕ ਨੂੰ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕਰਨਗੇ।