ਰੂਪਨਗਰ: ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੂਬੇ ਵਿੱਚ ਕਰਫਿਊ ਜਾਰੀ ਹੈ। ਇਸ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਕਾਫੀ ਗਿਣਤੀ 'ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੌਜਵਾਨ ਲੜਕੇ-ਲੜਕੀਆਂ ਵੱਸੇ ਹੋਏ ਹਨ। ਜੋ ਕਿ ਸ਼ਹਿਰ ਵਿੱਚ ਛੋਟੀਆਂ ਮੋਟੀਆਂ ਕੰਪਨੀਆਂ ਵਿੱਚ ਨੌਕਰੀਆਂ ਕਰ ਆਪਣਾ ਗੁਜ਼ਾਰਾ ਕਰਦੇ ਹਨ।
ਇਨ੍ਹਾਂ ਚੋਂ ਕੁਝ ਵਿਦਿਆਰਥੀ ਵੀ ਹਨ, ਪਰ ਹੁਣ ਪੰਜਾਬ ਵਿੱਚ ਕਰਫਿਊ ਜਾਰੀ ਹੈ ਜਿਸ ਕਾਰਨ ਉਹ ਆਪਣੇ ਘਰ ਹਿਮਾਚਲ ਪ੍ਰਦੇਸ਼ ਨਹੀਂ ਜਾ ਸਕਦੇ। ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕਰਫਿਊ ਦੌਰਾਨ ਬਾਹਰ ਜਾਣ ਵਾਸਤੇ ਈ-ਕਰਫਿਊ ਪਾਸ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਅਧੀਨ ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਵੱਲੋਂ ਕਈ ਵਾਰ ਅਰਜੀ ਦਿੱਤੀ ਗਈ ਹੈ, ਪਰ ਹਰ ਵਾਰ ਇਨ੍ਹਾਂ ਦਾ ਕਰਫਿਊ ਪਾਸ ਖਾਰਜ ਹੋ ਜਾਂਦਾ ਹੈ। ਕਈਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦ ਤੱਕ ਉਨ੍ਹਾਂ ਦੇ ਘਰ ਪਰਤਣ ਦਾ ਪ੍ਰਬੰਧ ਨਹੀਂ ਹੋਵੇਗਾ ਉਦੋਂ ਤੱਕ ਉਹ ਰੋਟੀ ਵੀ ਨਹੀਂ ਖਾਣਗੇ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਨੇ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਹਨ ਤੇ ਉਹ ਆਪਣੇ ਘਰ ਹਿਮਾਚਲ ਪ੍ਰਦੇਸ਼ ਵਾਪਸ ਜਾਣਾ ਚਾਹੁੰਦੇ ਹਨ। ਇਸ ਵਾਸਤੇ ਉਨ੍ਹਾਂ ਵੱਲੋਂ ਕਰਫਿਊ ਪਾਸ ਵਾਸਤੇ ਕਈ ਵਾਰ ਅਪਲਾਈ ਕੀਤਾ ਗਿਆ ਹੈ ਪਰ ਉਹ ਹਰ ਵਾਰ ਖਾਰਜ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਉਹ ਰਹਿ ਰਹੇ ਹਨ, ਉੱਥੇ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕੋਲ ਪੈਸੇ ਵੀ ਮੁੱਕ ਚੱਲੇ ਹਨ। ਖਾਣ ਪੀਣ ਨੂੰ ਵੀ ਕਾਫੀ ਦਿੱਕਤ ਆ ਰਹੀ ਹੈ। ਦੁੱਖੀ ਹੋਏ ਨੌਜਵਾਨਾਂ ਨੇ ਈਟੀਵੀ ਭਾਰਤ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਨ੍ਹਾਂ ਦੇ ਮਾਪੇ ਵਾਲੇ ਵੀ ਕਾਫੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਕਰਫਿਊ ਵਧਾਉਣ ਸਬੰਧੀ ਕੈਪਟਨ ਸਰਕਾਰ ਦੀ ਸਫ਼ਾਈ