ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਪੇਪਰ 15 ਜੁਲਾਈ ਤੱਕ ਟਾਲ ਦਿੱਤੇ ਗਏ ਹਨ। ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਗਿਆ ਹੈ ਕਿ 15 ਜੁਲਾਈ ਤੱਕ ਕਾਲਜਾਂ ਦੇ ਪੇਪਰ ਮੁਲਤਵੀ ਰਹਿਣਗੇ ਅਤੇ ਅਗਲਾ ਫ਼ੈਸਲਾ ਯੂ.ਜੀ.ਸੀ. ਲਵੇਗੀ।
ਇਸ ਬਿਆਨ ਤੇ ਰਣਬੀਰ ਸਿੰਘ ਨੇ ਸਵਾਲ ਕੀਤਾ ਹੈ ਕਿ ਕਿ ਸਰਕਾਰ ਨੇ ਫਿਲਹਾਲ ਪੇਪਰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਪਰ ਦੂਜੇ ਪਾਸੇ ਯੂਨੀਵਰਸਿਟੀਆਂ ਵਾਲੇ ਪੇਪਰ ਲੈਣ ਦੀਆਂ ਪੂਰੀਆਂ ਤਿਆਰੀ ਕਰ ਬੈਠੇ ਹਨ ਅਤੇ ਕਾਲਜਾਂ ਵੱਲੋਂ ਪੇਪਰ ਲੈਣ ਸਬੰਧੀ 29 ਜੂਨ ਨੂੰ ਵਿਦਿਆਰਥੀਆਂ ਨੂੰ ਕਾਲਜਾਂ 'ਚ ਬੁਲਾ ਕੇ ਰੋਲ ਨੰਬਰ ਵੀ ਦਿੱਤੇ ਜਾਣ ਲਈ ਕਿਹਾ ਗਿਆ ਹੈ।
ਇਸ ਤੋਂ ਬਿਨਾਂ ਯੂਨੀਵਰਸਿਟੀਆਂ ਨੇ ਸਮੂਹ ਕਾਲਜਾਂ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਹੈ ਕਿ ਜਿਸ ਵਿੱਚ ਪੇਪਰ ਲੈਣ ਸਬੰਧੀ ਸਾਰਾ ਮਟੀਰੀਅਲ ਵੀ ਮੁਹੱਈਆ ਕਰਵਾ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਰਣਬੀਰ ਨੇ ਕਿਹਾ ਕਿ ਭਾਰਤ ਵਿੱਚ ਕਈ ਅਜਿਹੇ ਸੂਬੇ ਹਨ ਜਿਨ੍ਹਾਂ ਵਿੱਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ ਨੇ ਯੂਨੀਵਰਸਿਟੀ ਦੀਆਂ ਗਾਈਡ ਲਾਈਨ ਮੁਤਾਬਕ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ਵਿੱਚ ਪ੍ਰਮੋਟ ਕਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਦੂਹਰਾ ਮਾਪਦੰਡ ਕਿਉਂ ਬਣਾਇਆ ਜਾ ਰਿਹਾ ਹੈ।
ਮਹਾਂਮਾਰੀ ਕਾਰਨ ਪੂਰੇ ਸੂਬੇ ਵਿੱਚ ਟਰਾਂਸਪੋਰਟ ਬੰਦ ਹੈ ਅਤੇ ਵਿਦਿਆਰਥੀਆਂ ਦੇ ਰਹਿਣ ਵਾਸਤੇ ਹੋਸਟਲ ਵੀ ਬੰਦ ਹਨ। ਕਾਲਜਾਂ ਦੇ ਵਿੱਚ ਬਾਹਰੀ ਸੂਬਿਆਂ ਤੋਂ ਵੀ ਬਹੁਤ ਵਿਦਿਆਰਥੀ ਪੜ੍ਹਦੇ ਹਨ ਅਤੇ ਉਹ ਪੰਜਾਬ ਵਿੱਚ ਕਿਵੇਂ ਆ ਕੇ ਪੇਪਰ ਦੇਣਗੇ। ਰਣਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿਦਿਆਰਥੀਆਂ ਲਈ ਕੋਈ ਨੀਤੀ ਨਹੀਂ ਹੈ ਅਤੇ ਜੇਕਰ ਵਿਦਿਆਰਥੀ ਵਰਗ ਨੂੰ ਤੰਗ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਾਂਗੇ।