ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਪਿੰਡ ਮਹੈਣ ਵਿਖੇ ਬਨਣ ਵਾਲੇ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਹ ਡਿਗਰੀ ਕਾਲਜ ਲਗਭਗ 9 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ। ਇਸ ਕਾਲਜ ਦੀ ਇਮਾਰਤ 54890 ਸਕੇਅਰ ਫੁੱਟ ਵਿੱਚ ਬਣੇਗੀ। ਇਸ ਇਮਾਰਤ ਵਿੱਚ ਕਲਾਸ ਰੂਮ, ਲਾਈਬ੍ਰੇਰੀ ਅਤੇ ਕੰਟੀਨ ਦੇ ਨਾਲ-ਨਾਲ ਅੰਗਹੀਣ ਵਿਦਿਆਰਥੀਆਂ ਲਈ ਰੈਂਪ ਵੀ ਬਣਾਏ ਜਾਣਗੇ। ਇਸ ਕਾਲਜ ਦੀ ਚਾਰ ਦੀਵਾਰੀ ਗਰਿੱਲਾਂ ਵਾਲੀ ਬਣਾਈ ਜਾਵੇਗੀ। ਇਹ ਇਮਾਰਤ ਲਗਭਗ 1 ਸਾਲ ਵਿੱਚ ਤਿਆਰ ਹੋ ਜਾਵੇਗੀ।
ਇਸ ਦੌਰਾਨ ਗੱਲਬਾਤ ਕਰਦਿਆਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਦੇ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਹ ਜੋ ਉਪਰਾਲਾ ਕੀਤਾ ਗਿਆ ਹੈ, ਖ਼ਾਸ ਤੌਰ 'ਤੇ ਪਿੰਡਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਇਸ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖ ਕੇ ਬਹੁਤ ਖ਼ੁਸ਼ੀ ਹੋਈ ਹੈ ਅਤੇ ਇਹ ਦਿਨ ਉਨ੍ਹਾਂ ਲਈ ਬਹੁਤ ਵੱਡਾ ਹੈ। ਕਿਉਂਕਿ ਇਹ ਪਿੰਡ ਮਹੈਣ ਪਛੜਿਆ ਅਤੇ ਸ਼ਹਿਰ ਤੋਂ ਦੂਰ-ਦੁਰਾਡੇ ਦਾ ਇਲਾਕਾ ਹੈ। ਇਥੋਂ ਦੇ ਨੌਜਵਾਨਾਂ ਲਈ ਇਹ ਡਿਗਰੀ ਕਾਲਜ ਉਚ ਵਿਦਿਆ ਲਈ ਬਹੁਤ ਜ਼ਰੂਰੀ ਸੀ।
ਉਨ੍ਹਾਂ ਕਿਹਾ ਕਿ ਇਹ ਕਾਲਜ ਦੀ ਇਮਾਰਤ ਇਕ ਸਾਲ 'ਚ ਬਣ ਕੇ ਤਿਆਰ ਹੋ ਜਾਵੇਗੀ ਅਤੇ ਅਗਲੇ ਸਾਲ ਤੋਂ ਕਲਾਸਾਂ ਸ਼ੁਰੂ ਕਰ ਦੇਵਾਂਗੇ।