ਰੂਪਨਗਰ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹਈਆ ਕਰਵਾਉਣ ਲਈ ਸੇਵਾ ਕੇਂਦਰ ਤਾਂ ਖੋਲੇ ਗਏ ਪਰ ਇਨ੍ਹਾਂ ਕੇਂਦਰ ਦੀ ਹਾਲਾਤ ਕੁੱਝ ਠੀਕ ਨਹੀਂ ਹੈ। ਇਹੋਂ ਜਿਹੀ ਇੱਕ ਘਟਨਾ ਰੂਪਨਗਰ ਦੇ ਸੇਵਾ ਕੇਂਦਰ ਤੋਂ ਸਾਹਮਣੇ ਆਈ ਹੈ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੱਖ-ਵੱਖ ਕੰਮ ਕਰਵਾਉਣ ਲਈ ਆਉਂਦੇ ਹਨ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਸ ਸੇਵਾ ਕੇਂਦਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇੱਥੇ ਬੁਨਿਆਦੀ ਸਹੂਲਤ ਹੀ ਮੌਜੂਦ ਨਹੀਂ ਹੈ। ਕੇਂਦਰ ਵਿੱਚ ਲੋਕਾਂ ਦੇ ਲਈ ਪੀਣ ਵਾਲੇ ਪਾਣੀ ਦਾ ਕੌਈ ਖ਼ਾਸ ਪ੍ਰਬੰਧ ਨਹੀਂ ਹੈ।
ਇਸ ਮੌਕੇ 'ਤੇ ਜਦ ਸੇਵਾ ਕੇਂਦਰ ਦੇ ਮੁੱਖ ਪ੍ਰਬੰਧਕ ਹਰਮਨ ਸਿੰਘ ਨਾਲ ਗੱਲ ਕੀਤੀ ਗਈ 'ਤੇ ਉਨ੍ਹਾਂ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਤਿੰਨ ਤੋਂ ਚਾਰ ਸੌ ਲੋਕ ਆਪਣੇ ਵੱਖ-ਵੱਖ ਕੰਮ ਕਰਵਾਉਣ ਵਾਸਤੇ ਆਉਂਦੇ ਹਨ। ਸੂਬਾ ਸਰਕਾਰ ਵੱਲੋਂ ਇਹ ਕੇਂਦਰ ਪਬਲਿਕ ਦੀ ਸਹੂਲਤ ਵਾਸਤੇ ਖੋਲ੍ਹਿਆ ਗਿਆ ਹੈ ਤਾਂ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਉਨ੍ਹਾਂ ਨੂੰ ਚੱਕਰ ਨਾ ਲਗਾਉਣੇ ਪੈਣ ਤੇ ਸਾਰੇ ਹੀ ਸਰਕਾਰੀ ਕੰਮ ਚਾਹੇ ਉਹ ਕਿਸੇ ਵੀ ਕਿਸਮ ਦਾ ਹੋਵੇ ਉਹ ਇਸ ਕੇਂਦਰ ਦੇ ਜ਼ਰੀਏ ਕਰਵਾਇਆ ਜਾ ਸਕਦਾ ਹੈ।
ਪਰ ਇਥੇ ਲੋਕਾਂ ਦੇ ਲਈ ਪੀਣ ਦੇ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਕੇਂਦਰ ਵਿੱਚ ਇੱਕ ਪਾਣੀ ਦਾ ਛੋਟਾ ਚੈਂਬਰ ਜ਼ਰੂਰ ਮੌਜੂਦ ਹੈ। ਪਰ ਇਸ ਚੈਂਬਰ ਦੀ ਸਮਰੱਥਾ ਬਹੁਤ ਘੱਟ ਲੋਕਾਂ ਨੂੰ ਪਾਣੀ ਪਿਲਾਉਣ ਦੀ ਹੈ। ਜਦਕਿ ਕੇਂਦਰ ਵਿੱਚ ਆਉਣ ਵਾਲਿਆਂ ਦੀ ਗਿਣਤੀ ਸੈਕੜਿਆਂ ਵਿੱਚ ਹੈ।
ਇਸ ਪ੍ਰਸ਼ਾਸਨੀਕ ਢਿੱਲ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਰੂਪਨਗਰ ਪ੍ਰਸ਼ਾਸਨ ਇਸ ਸੇਵਾ ਕੇਂਦਰ ਦੇ ਵਿੱਚ ਲੋਕਾਂ ਵਾਸਤੇ ਪੀਣ ਵਾਲੇ ਪਾਣੀ ਵਾਸਤੇ ਕੋਈ ਪ੍ਰਬੰਧ ਕਰਦਾ ਹੈ ਜਾਂ ਨਹੀਂ।