ਰੂਪਨਗਰ : ਪਿੰਡ ਕੋਟਲਾ ਨਿਹੰਗ ਵਿਖੇ ਸੋਮਵਾਰ ਸ਼ਾਮ ਕਰੀਬ ਗੁਰੂ ਨਾਨਕ ਆਟਾ ਚੱਕੀ ਦੇ ਮਾਲਕ ਦੀ ਪਟੇ ਵਿਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਚੱਕੀ ਮਾਲਕ ਦੇ ਸਰੀਰ ਦੇ ਕਈ ਟੁਕੜੇ ਹੋ ਗਏ ਅਤੇ ਚੱਕੀ ਦੇ ਵਿਚ ਖਿੱਲਰ ਗਏ।
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਰੋਪੜ ਵਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (60) ਪੁੱਤਰ ਮਨੋਹਰ ਸਿੰਘ ਵਾਸੀ ਕੋਟਲਾ ਨਿਹੰਗ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਪਰਮਜੀਤ ਸਿੰਘ ਆਟਾ ਚੱਕੀ ਵਿਚ ਕੰਮ ਕਰ ਰਿਹਾ ਸੀ ਅਤੇ ਅਚਾਨਕ ਚੱਲਦੇ ਪਟੇ ਵਿਚ ਆਉਣ ਨਾਲ ਇਕ ਲੱਤ ਅਲੱਗ ਹੋ ਗਈ ਅਤੇ ਬਾਕੀ ਸਰੀਰ ਦੇ ਵੀ ਟੁੱਕੜੇ ਹੋ ਗਏ।
ਹਾਦਸੇ ਦੇ ਸਮੇਂ ਉਸ ਦੀ ਪਤਨੀ ਆਟਾ ਚੱਕੀ ਦੇ ਨਾਲ ਪਿੱਛਲੇ ਪਾਸੇ ਘਰ ਵਿਚ ਸ਼ਾਮ ਦੀ ਚਾਹ ਬਣਾਉਣ ਲਈ ਗਈ ਹੋਈ ਸੀ। ਜਿਸ ਨੂੰ ਸੜਕ ਦੇ ਬਾਹਰ ਜਾ ਰਹੇ ਰਾਹਗੀਰਾਂ ਨੇ ਹਾਦਸੇ ਬਾਰੇ ਸੂਚਿਤ ਕੀਤਾ। ਅਚਾਨਕ ਹੋਏ ਇਸ ਦਰਦਨਾਕ ਹਾਦਸੇ ਤੇ ਪਿੰਡ ਵਾਸੀਆਂ ਨੇ ਦੁੱਖ ਪ੍ਰਗਟ ਕੀਤਾ ਹੈ।