ਰੂਪਨਗਰ : ਬਰਸਾਤ ਦਾ ਮੌਸਮ ਜਿਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ ਹੈ, ਉਥੇ ਹੀ ਕੁੱਝ ਲੋਕਾਂ ਲਈ ਇਹ ਵੱਡੀ ਮੁਸੀਬਤ ਬਣ ਜਾਂਦਾ ਹੈ। ਰੂਪਨਗਰ ਜ਼ਿਲ੍ਹੇ 'ਚ ਸਤਲੁਜ ਦਰਿਆ ਤੇ ਸਵਾਂ ਨਦੀ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਬਰਸਾਤ ਦੇ ਮੌਸਮ 'ਚ ਹਰ ਵਾਰ ਹੜ੍ਹ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਥੋਂ ਦੇ ਸਥਾਨਕ ਲੋਕਾਂ ਤੇ ਕਿਸਾਨਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰੀ ਮੀਂਹ ਪੈਣ ਕਾਰਨ ਸਤਲੁਜ ਦਰਿਆ ਤੇ ਸਵਾਂ ਨਦੀ 'ਚ ਹੜ੍ਹ ਆ ਜਾਂਦਾ ਹੈ। ਹੜ੍ਹ ਦਾ ਪਾਣੀ ਉਨ੍ਹਾਂ ਦੇ ਪਿੰਡਾਂ 'ਚ ਵੜ ਜਾਂਦਾ ਹੈ। ਇਸ ਨਾਲ ਉਨ੍ਹਾਂ ਦੇ ਉਪਜਾਓ ਖੇਤ, ਪਿੰਡ ਵਾਸੀਆਂ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਆਖਿਆ ਕਿ ਰੂਪਨਗਰ ਵਾਸੀਆਂ ਲਈ ਇਹ ਬੇਹਦ ਪੁਰਾਣਾ ਮਸਲਾ ਹੈ, ਹਰ ਵਾਰ ਮੀਂਹ ਦੇ ਮੌਸਮ 'ਚ ਜਦ ਸਵਾਂ ਨਦੀ ਤੇ ਸਤਲੁਜ ਦਰਿਆ ਦਾ ਪਾਣੀ ਇੱਕਠਾ ਹੁੰਦਾ ਹੈ ਤਾਂ ਇਨ੍ਹਾਂ ਦੇ ਨੇੜਲੇ ਵਸੇ ਪਿੰਡਾਂ 'ਚ ਭਾਰੀ ਤਬਾਹੀ ਹੁੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਰੂਪਨਗਰ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਦਰਜ਼ਨਾ ਪਿੰਡ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਸਮੱਸਿਆ ਬਾਰੇ ਕਿਸੇ ਵੀ ਸਰਕਾਰ ਵੱਲੋਂ ਹੱਲ ਨਹੀਂ ਕੱਢਿਆ ਗਿਆ।
ਉਨ੍ਹਾਂ ਆਖਿਆ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਸਤਲੁਜ ਦਰਿਆ ਦੇ ਪਾਣੀ ਨੂੰ ਚੈਨਲਾਈਜ਼ ਕਰ ਦਿੱਤਾ ਹੈ, ਪਰ ਸਾਡੀ ਸਰਕਾਰ ਵੱਲੋਂ ਸਤਲੁਜ ਦਰਿਆ ਤੇ ਨਦੀ ਦੇ ਪਾਣੀ ਨੂੰ ਚੈਨੇਲਾਈਜ਼ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਸਕਦਾ ਹੈ। ਕਿਸਾਨਾਂ ਨੇ ਕਿਹਾ ਕਿ ਹਰ ਵਾਰ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰਾਂ ਲਾਰੇ ਲਾ ਦਿੰਦਿਆਂ ਹਨ, ਪਰ ਵਾਅਦਾ ਪੂਰਾ ਨਹੀਂ ਕਰਦਿਆਂ। ਪਿੰਡ ਵਾਸੀਆਂ ਵੱਲੋਂ ਬਾਰ-ਬਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ।
ਜਦੋਂ ਇਸ ਸਬੰਧੀ ਤਹਿਸੀਲਦਾਰ ਰਾਮ ਕਿਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪਿੰਡ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬਰਸਾਤ ਦੇ ਮੌਸਮ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ ਵਿੱਚ ਫਲਡ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਪ੍ਰਸਾਸ਼ਨ ਵੱਲੋਂ ਖੇਤਰ ਦੇ ਹਲਾਤਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।