ਰੂਪਨਗਰ: ਜੇਕਰ ਤੁਸੀਂ ਬੁਲਟ ਰੱਖਣ ਅਤੇ ਬੁਲਟ ਦੇ ਪਟਾਕੇ ਪਵਾਉਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਖਾਸ ਤੁਹਾਡੇ ਲਈ ਹੈ। ਕਿਉਂਕਿ ਰੂਪਨਗਰ ਪੁਲਿਸ ਵੱਲੋਂ ਬੁਲਟ ਦੇ ਪਟਾਕੇ ਪਵਾਉਣ ਵਾਲਿਆਂ ਖਿਲਾਫ਼ ਨਕੇਲ ਕੱਸੀ ਜਾ ਰਹੀ ਹੈ। ਇਸੇ ਦੇ ਚੱਲਦੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਤੋਂ ਇਲਾਵਾ 15 ਬੁਲਟ ਮੋਟਰਸਾਇਕਲ ਬੰਦ ਵੀ ਕੀਤੇ ਹਨ। ਇਹ ਕਾਰਵਾਈ ਆਮ ਲੋਕਾਂ ਦੀਆਂ ਸ਼ਿਕਾਇਤਾਂ ਉੱਤੇ ਕੀਤੀ ਗਈ ਹੈ। ਇਸ ਮੌਕੇ ਰੂਪਨਗਰ ਸਿਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਆਮ ਲੋਕਾਂ ਵੱਲੋਂ ਲਗਾਤਾਰ ਇਹ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਸ਼ਾਮ ਵੇਲੇ ਅਤੇ ਦਿਨ ਵੇਲੇ ਕੁਝ ਨੌਜਵਾਨ ਹਰ ਰੋਜ਼ ਹੁਲੜਬਾਜ਼ੀ ਕਰਦੇ ਹਨ ਅਤੇ ਬੁਲਟ ਦੇ ਪਟਾਕੇ ਮਾਰਦੇ ਹਨ। ਜਿਸ ਨਾਲ ਸਥਾਨਕ ਨਿਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਾਨੂੰਨੀ ਕਾਰਵਾਈ: ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਿਸਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਜੇਕਰ ਉਹ ਬੁਲਟ ਚਲਾਉਂਦਾ ਫੜਿਆ ਗਿਆ ਤਾਂ ਉਸਦੇ ਮਾਪਿਆਂ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਰੂਪਨਗਰ ਸ਼ਹਿਰ ਵਿੱਚ ਲਗਾਤਾਰ ਬੁਲਟ ਚਲਾਉਣ ਵਾਲੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕਰਨ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਸੇ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਨਾਕੇ ਲਾਏ ਜਾਂਦੇ ਹਨ ਅਤੇ ਜਦੋਂ ਨਾਕੇ ਚੱਕ ਲਏ ਜਾਂਦੇ ਹਨ ਤਾਂ ਅਚਾਨਕ ਤੋਂ ਫਿਰ ਤੋਂ ਬੁਲਟ ਮੋਟਰਸਾਇਕਲ ਚਲਾਉਣ ਵਾਲੇ ਹੁੱਲੜਬਾਜ਼ੀ ਕਰਦੇ ਹੋਏ ਸ਼ਹਿਰ ਵਿੱਚ ਦਿਖਾਈ ਦਿੰਦੇ ਹਨ।
ਸਭ ਤੋਂ ਵੱਧ ਹੁਲੜਬਾਜ਼ੀ ਵਾਲੀ ਥਾਂ: ਹੁਲੜਬਾਜ਼ੀ ਦੀ ਇਸ ਹੁਲਬਾਜ਼ੀ ਤੋਂ ਦੁਕਾਨਦਾਰ ਵੀ ਦੁਖੀ ਹਨ। ਸ਼ਹਿਰ ਵਿੱਚ ਸਕੂਲ ਦੇ ਛੁੱਟੀ ਸਮੇਂ ਅਤੇ ਸਰਕਾਰੀ ਕਾਲਜ ਰੂਪਨਗਰ ਗਿਆਨੀ ਜੈਲ ਸਿੰਘ ਨਗਰ ਇਹ ਉਹ ਥਾਂਵਾਂ ਨੇ ਜਿਥੇ ਪੁਲੀਸ ਵੱਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ ਕਿਉਂਕਿ ਸਥਾਨਕ ਨਿਵਾਸੀਆਂ ਵੱਲੋਂ ਇਸ ਨੂੰ ਲੈ ਕੇ ਕਈ ਵਾਰੀ ਸ਼ਿਕਾਇਤ ਵੀ ਦਰਜ ਕਾਰਵਾਈ ਗਈ ਹੈ। ਸ਼ਾਮ ਵੇਲੇ ਜਦੋਂ ਸੈਰ ਕਰਨ ਦੇ ਲਈ ਸਥਾਨਕ ਲੋਕ ਨਿਕਲਦੇ ਹਨ ਤਾਂ ਬੁਲਟ ਮੋਟਰਸਾਈਕਲ ਤੇ ਹੁਲੜਬਾਜ਼ੀ ਕਰਦੇ ਹੋਏ ਨੌਜਵਾਨ ਦਿਖਾਈ ਦਿੰਦੇ ਹਨ। ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਦੀ ਇਹ ਸਖ਼ਤੀ ਕਿੰਨੀ ਦੇਰ ਰਹਿੰਦੀ ਹੈ ਅਤੇ ਨੌਜਵਾਨ ਕਦੋਂ ਤੱਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਗੇ। ਇਸ ਤੋਂ ਇਲਾਵਾ ਖਾਸ ਗੱਲ ਇਹ ਕਿ ਮਾਪੇ ਕਿੰਨਾ ਕੁ ਆਪਣੇ ਬੱਚਿਆਂ ਨੂੰ ਸਮਝਾ ਸਕਣਗੇ।
ਇਹ ਵੀ ਪੜ੍ਹੋ: Loot In PNB: ਪਿਸਤੌਲ ਦੇ ਜ਼ੋਰ ਉੱਤੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਲੁੱਟ