ਰੂਪਨਗਰ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਲਾਇਆ ਗਿਆ ਸੀ। ਹੁਣ ਦੇਸ਼ 'ਚ ਅਨਲੌਕ-3 ਸ਼ੁਰੂ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਜ਼ਿਲ੍ਹਾ ਲਾਈਬ੍ਰੇਰੀਆਂ ਅਤੇ ਵਿੱਦਿਅਕ ਅਦਾਰੇ ਅਜੇ ਤੱਕ ਬੰਦ ਹਨ। ਜਦਕਿ ਹੁਣ ਜਿਮ, ਮੰਦਰ, ਰੇਸਤਰਾਂ ਆਦਿ ਖੁੱਲ੍ਹ ਚੁੱਕੇ ਹਨ। ਇਸ ਬਾਰੇ ਜ਼ਿਲ੍ਹਾ ਲਾਈਬ੍ਰੇਰੀ ਰੂਪਨਗਰ ਦੇ ਇੰਚਾਰਜ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਜ਼ਿਲ੍ਹਾ ਲਾਈਬ੍ਰੇਰੀ ਦੇ ਇੰਚਾਰਜ ਰਾਜੀਵ ਕਾਂਤ ਨੇ ਕਿਹਾ ਕਿ ਅਨਲੌਕ ਪ੍ਰਕਿਰਿਆ ਤੋਂ ਬਾਅਦ ਵੀ ਵਿੱਦਿਅਕ ਅਦਾਰੇ ਅਤੇ ਲਾਈਬ੍ਰੇਰੀ ਨੂੰ ਬੰਦ ਰੱਖਣ ਦਾ ਫੈਸਲਾ ਸਹੀ ਹੋ ਸਕਦਾ ਹੈ। ਕਿਉਂਕਿ ਅਜੇ ਤੱਕ ਦੇਸ਼ ਅਤੇ ਸੂਬੇ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਆਏ ਦਿਨ ਵੱਡੀ ਗਿਣਤੀ 'ਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਲਾਈਬ੍ਰੇਰੀ ਦੇ ਸ਼ਾਂਤ ਮਾਹੌਲ 'ਚ ਬੈਠ ਕੇ ਆਪਣੀਆਂ ਮਨਪਸੰਦ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਹੁੰਦਾ ਹੈ। ਮੌਜੂਦਾ ਸਮੇਂ 'ਚ ਕੋਰੋਨਾ ਦੇ ਡਰ ਅਤੇ ਲਾਈਬ੍ਰੇਰੀ ਬੰਦ ਹੋਣ ਦੇ ਚਲਦੇ ਪਾਠਕਾਂ ਦੀ ਆਮਦ ਨਾਂਹ ਦੇ ਬਰਾਬਰ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ ਲਾਈਬ੍ਰੇਰੀ ਦੀਆਂ ਕਿਤਾਬਾਂ ਅਜੇ ਵੀ ਆਪਣੇ ਪਾਠਕਾਂ ਦਾ ਇਤਜ਼ਾਰ ਕਰ ਰਹੀਆਂ ਹਨ।
ਰਾਜੀਵ ਕਾਂਤ ਨੇ ਦੱਸਿਆ ਕਿ ਕਈ ਵਾਰ ਰੈਗੂਲਰ ਪਾਠਕ ਉਨ੍ਹਾਂ ਕੋਲੋਂ ਲਾਈਬ੍ਰੇਰੀ ਦੇ ਖੁੱਲ੍ਹਣ ਬਾਰੇ ਪੁੱਛਦੇ ਹਨ। ਉਹ ਵਾਰ ਜਵਾਬ ਦਿੰਦੇ ਹਨ ਕਿ ਜਦ ਵੀ ਸਰਕਾਰ ਇਜ਼ਾਜਤ ਦਵੇਗੀ ਤਾਂ ਕਾਨੂੰਨੀ ਨਿਯਮਾਂ ਮੁਤਾਬਕ ਲਾਈਬ੍ਰੇਰੀ ਖੋਲ੍ਹ ਲਈ ਜਾਵੇਗੀ। ਉਨ੍ਹਾਂ ਆਖਿਆ ਕਿ ਸਰਕਾਰ ਪਾਠਕਾਂ ਦੀ ਇੱਛਾ ਨੂੰ ਧਿਆਨ 'ਚ ਰੱਖਦਿਆਂ ਲਾਈਬ੍ਰੇਰੀ ਖੋਲ੍ਹਣ ਦੀ ਇਜਾਜ਼ਤ ਦੇ ਸਕਦੀ ਹੈ। ਲਾਈਬ੍ਰੇਰੀ ਖੋਲ੍ਹਣ ਤੋਂ ਬਾਅਦ ਇਥੇ ਆਉਣ ਵਾਲੇ ਪਾਠਕਾਂ ਦੀ ਸਕ੍ਰੀਨਿੰਗ, ਸੈਨੇਟਾਈਜੇਸ਼ਨ ਅਤੇ ਸਮਾਜਿਕ ਦੂਰੀ ਆਦਿ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਸਾਰੀ ਹੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨਗੇ।