ਰੂਪਨਗਰ: ਸ਼ਹਿਰ 'ਚ ਕਈ ਥਾਵਾਂ 'ਤੇ ਗੰਦਗੀ ਦੇ ਢੇਰ ਅਤੇ ਅਵਾਰਾ ਪਸ਼ੂਆਂ ਸਣੇ ਸਵੀਰੇਜ ਦੀ ਗੰਦਗੀ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਕਈ ਮਹੀਨੀਆਂ ਤੋਂ ਸ਼ਹਿਰ 'ਚ ਸਫਾਈ ਨਾ ਹੋਣ ਤੇ ਮੀਂਹ ਪੈਣ ਨਾਲ ਸੜਕਾਂ 'ਤੇ ਪਾਣੀ ਖੜਾ ਹੋ ਗਿਆ ਹੈ। ਸ਼ਹਿਰ 'ਚ ਕਈ ਥਾਵਾਂ ਤੇ ਸੀਵੇਰਜ ਬਲੌਕ ਹੋ ਗਏ ਹਨ।
ਸ਼ਹਿਰ ਦੇ ਮੁਖ ਬਜ਼ਾਰ ਸਣੇ ਹੋਰਨਾਂ ਕਈ ਥਾਵਾਂ ਉੱਤੇ ਗੰਦਗੀ ਦੇ ਢੇਰ ਲੱਗੇ ਹਨ। ਇਸ ਕਾਰਨ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਗੰਦਗੀ 'ਚ ਰਹਿਣ ਲਈ ਮਜਬੂਰ ਹਨ। ਲੋਕਾਂ ਨੇ ਆਖਿਆ ਕਿ ਇੱਕ ਪਾਸੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਾਫ-ਸਫਾਈ, ਮਾਸਕ ਅਤੇ ਸਮਾਜਿਕ ਦੂਰੀ ਵਰਗੀ ਸਰਕਾਰੀ ਹਦਾਇਤਾਂ ਦੀ ਪਾਲਣਾ 'ਤੇ ਜ਼ੋਰ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ- ਸਫਾਈ ਸਬੰਧੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਆਏ ਦਿਨ ਸੜਕ ਹਾਦਸੇ ਹੁੰਦੇ ਹਨ। ਇਸ ਤੋਂ ਇਲਾਵਾ ਸ਼ਹਿਰ 'ਚ ਥਾਂ-ਥਾਂ ਉੱਤੇ ਲੱਗੇ ਗੰਦਗੀ ਦੇ ਢੇਰ ਕਾਰਨ ਲੋਕਾਂ 'ਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਲੋਕਾਂ ਤੇ ਸਥਾਨਕ ਦੁਕਾਨਦਾਰਾਂ ਮੁਤਾਬਕ ਉਹ ਬਹੁਤ ਵਾਰ ਨਗਰ ਕੌਂਸਲ ਵਿੱਚ ਇਸ ਸਬੰਧੀ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਉਥੇ ਹੀ ਦੂਜੇ ਪਾਸੇ ਇਸ ਬਾਰੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਮੇਂ 'ਚ ਸ਼ਹਿਰ 'ਚ ਪੂਰੀ ਤਰ੍ਹਾਂ ਸਾਫ ਸਫਾਈ ਦਾ ਕੰਮ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਰੂਪਨਗਰ ਦੀ ਸਫ਼ਾਈ, ਪਾਣੀ ਤੇ ਸੀਵਰੇਜ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਵੱਲੋਂ ਸੀਵਰੇਜ ਤੇ ਪਾਣੀ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਲੋੜੀਦਾ ਮਸ਼ੀਨਰੀ ਨਗਰ ਕੌਂਸਲ ਲਈ ਖਰੀਦੀ ਗਈ ਸੀ। ਸ਼ਹਿਰ ਦੇ ਵਿੱਚ ਗੰਦਗੀ ਫੈਲੀ ਹੋਈ ਹੈ ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।