ਰੂਪਨਗਰ: ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕਹਿਰ ਨੂੰ ਠੱਲਣ ਲਈ ਮੁੜ ਸੂਬੇ 'ਚ ਕਈ ਸਖ਼ਤੀਆਂ ਲਾਗੂ ਕੀਤੀਆਂ ਹਨ। ਇਨ੍ਹਾਂ ਸਖ਼ਤੀਆਂ ਦੇ ਮੱਦੇਨਜ਼ਰ ਸ਼ਾਮ ਨੂੰ ਸਾਢੇ ਛੇ ਵਜੇ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਹਨ ਜਾਰੀ ਕੀਤੇ ਹਨ। ਇਸ ਦੇ ਉਲਟ ਰੂਪਨਗਰ ਸ਼ਹਿਰ ਦੀਆਂ ਜ਼ਿਆਦਾਤਰ ਦੁਕਾਨਾਂ ਸ਼ਾਮ ਨੂੰ ਸਵਾ ਸੱਤ-ਸਾਢੇ ਸੱਤ ਵਜੇ ਤੱਕ ਵੀ ਖੁੱਲ੍ਹੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚ ਜ਼ਿਆਦਾ ਮੀਟ ਦੀਆਂ ਦੁਕਾਨਾਂ, ਦਾਰੂ ਦੇ ਠੇਕੇ ਅਤੇ ਖਾਣ ਪੀਣ ਵਾਲੀਆਂ ਰੇਹੜੀਆਂ ਹਨ। ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਅੱਜ ਰੋਪੜ ਦੇ ਐਸਐਸਪੀ ਨੇ ਸਖ਼ਤਾਈ ਵਰਤਦੇ ਹੋਏ ਸਦਰ ਥਾਣਾ ਪੁਲਿਸ ਅਤੇ ਡੀਐੱਸਪੀ ਦੀ ਟੀਮ ਨੂੰ ਕਰਫ਼ਿਊ ਦੇ ਦੌਰਾਨ ਸਾਢੇ ਛੇ ਵਜੇ ਤੋਂ ਬਾਅਦ ਵੀ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਸਖ਼ਤੀ ਨਾਲ ਹੁਕਮ ਦਿੱਤੇ ਹਨ।
ਜਿਸ ਤੋਂ ਬਾਅਦ ਰੂਪਨਗਰ ਦੇ ਡੀਐਸਪੀ ਅਤੇ ਐਸਐਚਓ ਸਦਰ ਕੁਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਪੁਲੀਸ ਪਾਰਟੀ ਨੇ ਸ਼ਹਿਰ ਦੇ ਵਿੱਚ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਅਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਅਗਰ ਉਹ ਸਾਢੇ ਛੇ ਵਜੇ ਤੋਂ ਬਾਅਦ ਵੀ ਦੁਕਾਨ ਖੋਲ੍ਹਣਗੇ ਤਾਂ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਕੁਝ ਦੁਕਾਨਦਾਰਾਂ ਨੂੰ ਪੁਲਿਸ ਨੇ ਰਾਊਂਡਅੱਪ ਵੀ ਕੀਤਾ। ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਜਾਣਕਾਰੀ ਐਸਐਚਓ ਸਦਰ ਕੁਲਬੀਰ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਤੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਮ ਨੂੰ ਸਮੇਂ ਰਹਿੰਦੇ ਆਪਣੀਆਂ ਦੁਕਾਨਾਂ ਬੰਦ ਰੱਖਣ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਕਾਬਲੇ ਗੌਰ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ 254 ਕੋਰੋਨਾ ਐਕਟਿਵ ਮਰੀਜ਼ ਹਨ ਅੱਜ 3 ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਤੇ ਜ਼ਿਲ੍ਹੇ ਦੇ ਵਿੱਚ ਕੁੱਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਤੱਕ ਪਹੁੰਚ ਗਈ ਹੈ।