ਰੂਪਨਗਰ: ਇਨ੍ਹਾਂ ਮਰੀਜ਼ਾਂ ਨੂੰ ਇੱਥੇ ਦੇ ਮੌਜੂਦ ਸਰਕਾਰੀ ਡਾਕਟਰ ਮੁਫ਼ਤ ਸਪੈਂਸਰ ਦੀ ਦਵਾਈ ਲਿੱਖਣ ਦੀ ਬਜਾਏ ਮਹਿੰਗੀਆਂ ਦਵਾਈਆਂ ਲਿੱਖ ਕੇ ਦੇ ਰਹੇ ਹਨ, ਜੋ ਬਾਹਰੋਂ ਪ੍ਰਾਈਵੇਟ ਸਟੋਰਾਂ ਤੋਂ ਹੀ ਮਿਲਦੀਆਂ ਹਨ। ਹਸਪਤਾਲ ਦੇ ਅੰਦਰ ਇਹ ਦਵਾਈਆਂ ਉਪਲਬਧ ਨਹੀਂ ਹਨ। ਮਰੀਜ਼ਾਂ ਦੀ ਹੋ ਰਹੀ ਲੁੱਟ 'ਤੇ ਵੇਖੋ ਈਟੀਵੀ ਭਾਰਤ ਦੀ ਰੂਪਨਗਰ ਤੋਂ ਖ਼ਾਸ ਰਿਪੋਰਟ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਥਿਤ ਫ੍ਰੀ ਡਿਸਪੈਂਸਰੀ ਦਾ ਦੌਰਾ ਕੀਤਾ, ਤਾਂ ਇੱਥੇ ਲਾਈਨਾਂ ਦੇ ਵਿੱਚ ਮੁਫਤ ਦਵਾਈ ਲੈਣ ਵਾਲੇ ਖੜ੍ਹੇ ਮਰੀਜ਼ਾਂ ਦਾ ਇਹੀ ਕਹਿਣਾ ਸੀ ਕਿ ਇੱਥੋਂ ਕੋਈ-ਕੋਈ ਸਸਤੀ ਦਵਾਈ ਹੀ ਮਿਲ ਰਹੀ ਹੈ। ਬਾਕੀ ਸਾਰੀਆਂ ਦਵਾਈਆਂ ਉਨ੍ਹਾਂ ਨੂੰ ਬਾਹਰੋਂ ਮੈਡੀਕਲ ਸਟੋਰਾਂ ਤੋਂ ਹੀ ਮਿਲਦੀਆਂ ਹਨ।
ਕੁਝ ਮਰੀਜ਼ਾਂ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਦੋਂ ਤੁਹਾਡੇ ਵਰਗਾ ਕੋਈ ਮੀਡੀਆ ਜਾਂ ਕਿਸੇ ਮੰਤਰੀ ਨੇ ਇੱਥੇ ਆਉਣਾ ਹੁੰਦਾ ਹੈ, ਸਿਰਫ਼ ਉਸ ਦਿਨ ਹੀ ਉਨ੍ਹਾਂ ਨੂੰ ਉਹ ਦਵਾਈਆਂ ਲਿਖੀਆਂ ਜਾਂਦੀਆਂ ਹਨ, ਜੋ ਡਿਸਪੈਂਸਰੀ ਤੋਂ ਮਿਲਦੀਆਂ ਹਨ। ਬਾਕੀ ਦਿਨਾਂ ਦੇ ਵਿੱਚੋਂ ਤਾਂ ਆਮ ਦਵਾਈਆਂ ਤੱਕ ਸਰਕਾਰੀ ਡਿਸਪੈਂਸਰੀ ਵਿਚੋਂ ਨਹੀਂ ਮਿਲਦੀਆਂ।
ਇਹ ਵੀ ਪੜ੍ਹੋ: ਪਰਮਿੰਦਰ ਸਿੰਘ ਢੀਂਡਸਾ ਨੇ ਹੜ੍ਹ ਪੀੜਤਾਂ ਲਈ ਮੰਗੀ ਮਦਦ
ਸਮੇਂ ਦੀਆਂ ਸਰਕਾਰਾਂ ਜਨਤਾ ਦੀ ਸਿਹਤ ਸੰਭਾਲ ਦਾ ਵੋਟਾਂ ਵੇਲ੍ਹੇ ਅਕਸਰ ਦਾਅਵਾ ਕਰਦੀਆਂ ਹਨ ਪਰ ਉਹ ਦਾਅਵੇ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੋਖਲੇ ਨਜ਼ਰ ਆ ਰਹੇ ਹਨ। ਹੁਣ ਵੇਖਣਾ ਹੋਵੇਗਾ ਈਟੀਵੀ ਭਾਰਤ ਦੀ ਇਸ ਰਿਪੋਰਟ ਤੋਂ ਬਾਅਦ ਸਿਹਤ ਮਹਿਕਮੇ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਕੀ ਕਾਰਵਾਈ ਅਮਲ ਵਿੱਚ ਲਿਆਉਂਦੇ ਹਨ।