ਸ੍ਰੀ ਆਨੰਦਪੁਰ ਸਾਹਿਬ: ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਤੀ ਦੇਰ ਰਾਤ ਕਾਂਗਰਸ ਪਾਰਟੀ ਦੀ ਬਲਾਕ ਸਮਿਤੀ ਮੈਂਬਰ ਭੋਲੀ ਦੇਵੀ ਦੇ ਘਰ ਕੁਝ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਭੋਲੀ ਦੇਵੀ ਦੇ ਪਤੀ ਕਰਮਚੰਦ ਅਤੇ ਉਸ ਦੀ ਭਰਜਾਈ ਗੀਤਾ ਦੀ ਮੌਤ ਹੋ ਗਈ ਹੈ, ਜਦਕਿ ਉਹਨਾਂ ਦਾ ਪੁੱਤਰ ਗੰਭੀਰ ਜਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ ਹੈ।
ਇਸ ਖੂਨੀ ਵਾਰਦਾਤ ਤੋਂ ਬਾਅਦ ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਾਰਦਾਤ ਪਹਿਲੀ ਵਾਰ ਸਾਡੇ ਪਿੰਡ ਵਿੱਚ ਹੋਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਥਾਨਕ ਵਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕਰਮਚੰਦ ਦੇ ਘਰ ਗੋਲੀਆਂ (Firing On Family Of Congress Leader) ਚੱਲੀਆਂ ਹਨ, ਜਦੋਂ ਉਨ੍ਹਾਂ ਨੇ ਹੋਰ ਲੋਕਾਂ ਨਾਲ ਆ ਕੇ ਦੇਖਿਆ ਤਾਂ ਘਰ ਵਿੱਚ ਲਹੂ-ਲੂਹਾਨ ਹੋਇਆ ਪਿਆ ਸੀ। ਤਿੰਨਾਂ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਕਰਮਚੰਦ ਅਤੇ ਗੀਤਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਇਕ ਹੋਰ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਰੈਫਰ ਕੀਤਾ ਗਿਆ ਹੈ।
ਆਪਸੀ ਰੰਜਿਸ਼ ਕਾਰਨ ਕੀਤਾ ਕਤਲ: ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁੱਢਲੀ ਜਾਂਚ ਵਿੱਚ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਅਜੈ ਸਿੰਘ ਨੇ ਕਿਹਾ ਕਿ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਹੀ ਸਾਹਮਣੇ ਆ ਰਿਹਾ ਹੈ ਕਿ ਇਹ ਪਰਿਵਾਰ ਯਾਨੀ ਆਪਸੀ ਸ਼ਰੀਕੇ ਦੀ ਲੜਾਈ ਹੈ। ਕਾਰ ਉੱਤੇ ਛਿੱਟੇ ਪੈਣ ਨੂੰ ਲੈ ਕੇ ਛੋਟੀ ਜਿਹੀ ਗੱਲ ਤੋਂ ਲੜਾਈ ਸ਼ੁਰੂ ਹੋਈ। ਸ਼ਾਮ ਨੂੰ ਇਹ ਸਾਰੇ ਇੱਕਠੇ ਵੀ ਹੋਏ ਅਤੇ ਉਸ ਦੌਰਾਨ ਵੀ ਹੱਥੋਪਾਈ ਹੋਈ। ਬਾਅਦ ਵਿੱਚ ਖੂਨੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲੀ ਹੈ ਕਿ ਨੂਰਪੁਰ ਬੇਦੀ ਪੁਲਿਸ ਨੇ ਕੁਝ ਲੋਕਾਂ ਨੂੰ ਰਾਊਂਡਅੱਪ ਕਰ ਲਿਆ ਹੈ ਅਤੇ ਜਾਂਚ 'ਚ ਜੁਟੀ ਹੈ।