ਲੁਧਿਆਣਾ /ਖੰਨਾ: ਬੀਤੇ ਦਿਨੀਂ ਪੰਜਾਬ ਦੇ 5 ਜ਼ਿਲ੍ਹਿਆਂ 'ਚ ਨਗਰ ਕੌਂਸਲ ਚੋਣਾਂ ਦੀ ਹੋਈ ਵੋਟਿੰਗ ਦੌਰਾਨ ਕਈ ਥਾਵਾਂ ਉੱਤੇ ਹੰਗਾਮਾ ਵੀ ਹੋਇਆ ਅਤੇ ਬੂਥਾਂ 'ਚ ਭੰਨਤੋੜ ਵੀ ਕੀਤੀ ਗਈ। ਇਸ ਹੀ ਤਹਿਤ ਹੁਣ ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿੱਚ ਚੋਣ ਕਮਿਸ਼ਨ ਨੇ ਮੁੜ ਵੋਟਾਂ ਪਾਉਣ ਦੇ ਹੁਕਮ ਦਿੱਤੇ ਹਨ। ਵਾਰਡ-2 ਦੇ ਪੋਲਿੰਗ ਸਟੇਸ਼ਨ-4 ਵਿਖੇ ਸੋਮਵਾਰ 23 ਦਸੰਬਰ ਨੂੰ ਮੁੜ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਦਰਅਸਲ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਮਸ਼ੀਨ ਟੁੱਟਣ ਤੋਂ ਬਾਅਦ ਕਮਿਸ਼ਨ ਵੱਲੋਂ ਮੁੜ ਤੋਂ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਸੁਰੱਖਿਆ ਦੇ ਪ੍ਰਬੰਧਾਂ ਦੀ ਹਦਾਇਤ
ਇਸ ਤਹਿਤ ਚਿੱਠੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਰਿਜ਼ਰਵ ਕੋਟੇ ਤੋਂ ਨਵੀਆਂ ਈਵੀਐਮ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਟਾਫ਼ ਨਿਯੁਕਤ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਵੋਟਰਾਂ ਤੱਕ ਇਸ ਸੂਚਨਾ ਨੂੰ ਵੱਖ-ਵੱਖ ਤਰੀਕਿਆਂ ਨਾਲ ਪਹੁੰਚਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਕਾਂਗਰਸ ਨੇ ਦੇਰ ਰਾਤ ਤੱਕ ਕੀਤੀ ਹੜਤਾਲ
ਮਿਲੀ ਜਾਣਕਾਰੀ ਮੁਤਾਬਿਕ ਇਸ ਪੂਰੇ ਹੰਗਾਮੇ ਤੋਂ ਬਾਅਦ ਕਾਂਗਰਸ ਵੱਲੋਂ ਬੀਤੀ ਕੱਲ੍ਹ ਤਿੰਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਤੋਂ ਬਾਅਦ ਚੌਥੇ ਪੋਲਿੰਗ ਸਟੇਸ਼ਨ ਦੀ ਈਵੀਐਮ ਮਸ਼ੀਨ ਖਰਾਬ ਹੋ ਗਈ ਸੀ। 3 ਪੋਲਿੰਗ ਸਟੇਸ਼ਨਾਂ ਦੇ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ 145 ਵੋਟਾਂ ਨਾਲ ਅੱਗੇ ਹਨ। ਇਸ ਮਗਰੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਕਾਂਗਰਸ ਨੇ 2 ਵਜੇ ਤੱਕ ਹੜਤਾਲ ਕੀਤੀ। ਸਥਿਤੀ ਨੂੰ ਦੇਖਦੇ ਹੋਏ ਨਤੀਜਾ ਰੋਕ ਦਿੱਤਾ ਗਿਆ ਸੀ।
'ਆਪ' ਉਮੀਦਵਾਰ 'ਤੇ ਦੋਸ਼
ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ‘ਆਪ’ ਆਗੂਆਂ 'ਤੇ ਇਲਜ਼ਾਮ ਲਾਏ ਅਤੇ ਕਿਹਾ ਕਿ ਇਹਨਾਂ ਨੇ ਧੱਕੇਸ਼ਾਹੀ ਦਾ ਸਹਾਰਾ ਲਿਆ ਹੈ। ਜਦੋਂ ਤਿੰਨ ਬੂਥਾਂ ਦੀ ਹੋਈ ਗਿਣਤੀ ਵਿੱਚ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ 145 ਵੋਟਾਂ ਨਾਲ ਅੱਗੇ ਸਨ ਤਾਂ ਚੌਥੀ ਮਸ਼ੀਨ ਦੀ ਈਵੀਐਮ ‘ਆਪ’ ਉਮੀਦਵਾਰ ਵੱਲੋਂ ਆਪਣੇ ਦੋ ਸਾਥੀਆਂ ਸਮੇਤ ਤੋੜ ਦਿੱਤੀ ਗਈ।
ਆਪਣੇ ਹੀ ਹਲਕੇ 'ਚ ਹਾਰੇ ਉਮੀਦਵਾਰ
ਕਾਬਿਲੇਗੌਰ ਹੈ ਕਿ 21 ਦਸੰਬਰ ਨੂੰ ਨਗਰ ਕੌਂਸਲ ਚੋਣਾਂ ਦੇ ਨਤੀਜੇ ਕਾਫੀ ਹੈਰਾਨੀਜਨਕ ਰਹੇ। ਜਿਥੇ ਵਧੇਰੇ ਥਾਵਾਂ 'ਤੇ ਆਪ ਨੂੰ ਜਿੱਤ ਹਾਸਿਲ ਹੋਈ ਤਾਂ ਉਥੇ ਹੀ ਪਰਿਵਾਰਵਾਦ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਆਪਣੀਆਂ ਪਤਨੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਲੁਧਿਆਣਾ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਪੱਛਮੀ ਹਲਕੇ ਤੋਂ ਗੁਰਪ੍ਰੀਤ ਗੋਗੀ ਅਤੇ ਕੇਂਦਰੀ ਹਲਕੇ ਤੋਂ ਅਸ਼ੋਕ ਪਰਾਸ਼ਰ ਦੋਵੇਂ ਹੀ ਆਪਣੀਆਂ ਪਤਨੀਆਂ ਨੂੰ ਆਪਣੇ ਵਾਰਡਾਂ ਦੇ ਵਿੱਚੋਂ ਜਿਤਵਾਉਣ 'ਚ ਨਾਕਾਮ ਰਹੇ।