ਰੋਪੜ : ਪੰਜਾਬ 'ਚ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਨੇ ਅਤੇ ਲਗਾਤਾਰ ਸੜਕ ਹਾਦਸਿਆਂ 'ਚ ਇਜ਼ਾਫ਼ਾ ਹੋ ਰਿਹਾ ਹੈ। ਅਜਿਹਾ ਹੀ ਇੱਕ ਸੜਕ ਹਾਦਸਾ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨੇੜੇ ਵਾਪਰਿਆ ਹੈ। ਜਿੱਥੇ ਦੋ ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ 'ਚ ਕਈ ਵਿਅਕਤੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਦਕਿ ਗੱਡੀਆਂ ਬੁਰੀਆਂ ਤਰ੍ਹਾਂ ਨੁਕਸਾਨੀਆਂ ਗਈਆਂ।
ਚਸ਼ਮਦੀਦ ਦਾ ਬਿਆਨ: ਇਸ ਹਾਦਸੇ ਮੌਕੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਪਿੱਛੋਂ ਆ ਰਹੀ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਤੋਂ ਸਪੀਡ ਕੰਟਰੋਲ ਨਾ ਹੋਣ ਕਾਰਨ ਅੱਗੇ ਵਾਲੀ ਗੱਡੀ ਨਾਲ ਟੱਕਰ ਹੋ ਗਈ ਸੀ।ਇਸੇ ਕਾਰਨ ਇੱਕ ਬਜ਼ੁਰਗ ਅਤੇ ਕਾਲਜ ਜਾ ਰਹੀ ਲੜਕੀ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਐਬੂੰਲੈਂਸ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਗਏ। ਉਨ੍ਹਾਂ ਆਖਿਆ ਕਿ ਹਾਦਸੇ ਤੋਂ ਇੱਕ ਘੰਟਾ ਬੀਤ ਜਾਣ ਮਗਰੋਂ ਵੀ ਨਾ ਤਾਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਨਾ ਹੀ ਐਬੂਲੈਂਸ ਹੀ ਆਈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਖੁਦ ਆਪਣੀ ਗੱਡੀ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਲੋਕਾਂ ਨੇ ਆਖਿਆ ਕਿ ਇਸ ਚੌਂਕ 'ਤੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਪ੍ਰਸ਼ਾਸ਼ਨ ਨੂੰ ਜਲਦ ਤੋਂ ਜਲਦ ਇੱਥੇ ਲਾਈਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋਵੇ।
ਡਾਕਟਰ ਦਾ ਬਿਆਨ: ਉਧਰ ਜ਼ਖਮੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਆਖਿਆ ਕਿ ਉਨ੍ਹਾਂ ਕੋਲ ਦੋ ਐਕਸੀਡੈਂਟ ਦੇ ਕੇਸ ਆਏ ਸਨ। ਜਿੰਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਅੱਖ 'ਤੇ ਜਿਆਦਾ ਸੱਟ ਲੱਗੀ ਹੈ, ਜਦਕਿ ਬਾਕੀਆਂ ਦੇ ਸੱਟਾਂ ਜਿਆਦਾ ਗੰਭੀਰ ਨਹੀਂ।