ਰੂਪਨਗਰ: ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਣਾ ਕੰਵਰਪਾਲ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ 'ਤੇ ਰਾਣਾ ਕੰਵਰਪਾਲ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ।
ਗੁਰੂ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 5 ਸਾਲ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਦੇ ਵਿੱਚ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਨੰਗਲ ਤੋਂ ਲੈ ਕੇ ਹਲਕਾ ਵਿਧਾਨ ਸਭਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਵਿਕਾਸ ਕਾਰਜ ਉਨ੍ਹਾਂ ਵੱਲੋਂ ਕਰਵਾਏ ਗਏ ਅਤੇ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਲੋਕ ਹੁਣ ਫੇਰ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ।
ਇਸ ਤੋਂ ਇਲਾਵਾ ਪਾਰਟੀ ਵਿੱਚ ਆਪਸੀ ਗੁੱਟਬਾਜ਼ੀ ਦੇ ਸੰਬੰਧ ਵਿੱਚ ਜਵਾਬ ਦਿੰਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪਰਿਵਾਰਾਂ ਦੇ ਵਿੱਚ ਅਕਸਰ ਛੋਟੇ ਮੋਟੇ ਝਗੜੇ ਹੁੰਦੇ ਰਹਿੰਦੇ ਹਨ, ਪ੍ਰੰਤੂ ਵੱਡੀ ਜੰਗ ਦੇ ਵਿੱਚ ਕਾਂਗਰਸ ਦਾ ਸਮੁੱਚਾ ਪਰਿਵਾਰ ਇਕਜੁੱਟ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਇਕਜੁੱਟਤਾ ਸਾਰਿਆਂ ਨੂੰ ਦੇਖਣ ਨੂੰ ਮਿਲੇਗੀ।
ਜਿਹੜੇ ਲੋਕ ਰਾਣਾ ਕੇਪੀ ਸਿੰਘ ਦੇ ਉੱਪਰ ਨਿੱਜੀ ਹਮਲੇ ਕਰਦੇ ਹਨ, ਉਨ੍ਹਾਂ ਸੰਬੰਧੀ ਜਵਾਬ ਦਿੰਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸਾਰਿਆਂ ਦੀਆਂ ਜਨਮ ਕੁੰਡਲੀਆਂ ਮੇਰੇ ਕੋਲ ਹਨ, ਪ੍ਰੰਤੂ ਮੈਂ ਉਨ੍ਹਾਂ ਦੇ ਲੈਵਲ 'ਤੇ ਆ ਕੇ ਉਨ੍ਹਾਂ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ ਜਿਹੜੇ ਲੋਕਾਂ ਦਾ ਆਪਣਾ ਕੋਈ ਕਿਰਦਾਰ ਨਹੀਂ ਹੁੰਦਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਣਾ ਕੰਵਰਪਾਲ ਸਿੰਘ ਪ੍ਰਸਿੱਧ ਸ਼ਕਤੀਪੀਠ ਨੈਣਾ ਦੇਵੀ ਮੰਦਰ ਅਤੇ ਕੋਲਾ ਵਾਲਾ ਟੋਭਾ ਵਿਖੇ ਭੂਰੀ ਵਾਲਿਆਂ ਦੇ ਡੇਰੇ ਵਿਖੇ ਵੀ ਪੁੱਜੇ ਅਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਹ ਵੀ ਪੜ੍ਹੋ: ਜੇਲ੍ਹ ਵਿੱਚ ਬੰਦ ਸੁਖਪਾਲ ਖਹਿਰਾ ਨੂੰ ਕਾਂਗਰਸ ਨੇ ਦਿੱਤੀ ਭੁਲੱਥ ਤੋਂ ਟਿਕਟ