ਰੂਪਨਗਰ: ਇੰਟਰਨੈਸ਼ਨਲ ਕੈਨੋ ਫੈਡਰੇਸ਼ਨ 2023 ਦੇ ਡਰੈਗਨ ਬੋਟ ਮੁਕਾਬਲੇ ਵਿਚ ਭਾਰਤ ਦੀ ਟੀਮ ਵੱਲੋਂ ਪਹਿਲੀ ਵਾਰ ਕਾਂਸੇ ਦਾ ਤਗਮਾ ਜਿੱਤ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀ ਜੁਗਰਾਜ ਸਿੰਘ ਨੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ। ਇਸ ਇਤਹਾਸਿਕ ਤੇ ਸ਼ਾਨਦਾਰ ਜਿੱਤ ਉਪਰੰਤ ਜੁਗਰਾਜ ਸਿੰਘ ਦੇ ਚੀਨ ਤੋਂ ਰੋਪੜ ਵਿਖੇ ਪਹੁੰਚਣ ਉੱਤੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਜੁਗਰਾਜ ਸਿੰਘ ਨੂੰ 5 ਲੱਖ ਦਾ ਚੈੱਕ ਵੀ ਭੇਂਟ ਕੀਤਾ ਅਤੇ ਜੁਗਰਾਜ ਸਿੰਘ ਵਲੋਂ ਇਹ ਰਕਮ ਕੈਕਿੰਗ ਕੈਨੋਇੰਗ ਕੋਚਿੰਗ ਸੈਂਟਰ ਕੱਟਲੀ ਦੇ ਕੋਚ ਜਗਜੀਵਨ ਸਿੰਘ ਨੂੰ ਅਕੈਡਮੀ ਦੇ ਵਿਕਾਸ ਲਈ ਸੋਂਪੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਕਿ ਕੈਕਿੰਗ ਕੈਨੋਇੰਗ ਕੋਚਿੰਗ ਸੈਂਟਰ ਕੱਟਲੀ ਨੂੰ ਵਿਸ਼ਵ ਪੱਧਰ ਉਤੇ ਸਥਾਪਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ । ਇਸ ਸਬੰਧੀ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਤਜਵੀਜ਼ ਭੇਜੀ ਜਾ ਚੁੱਕੀ ਹੈ ਜਿਸ ਨੂੰ ਜਲਦ ਅਮਲ ਵਿੱਚ ਲਿਆਇਆ ਜਾਵੇਗਾ।
ਹੋਣਹਾਰ ਹੈ ਜੁਗਰਾਜ ਸਿੰਘ : ਉਨ੍ਹਾਂ ਜੁਗਰਾਜ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੈਕਿੰਗ ਕੈਨੋਇੰਗ ਕੋਚਿੰਗ ਸੈਂਟਰ ਕੱਟਲੀ ਵਰਗੇ ਛੋਟੇ ਜਿਹੇ ਟ੍ਰੇਨਿੰਗ ਸੈਂਟਰ ਤੋਂ ਵੱਡੀ ਮੱਲ ਮਾਰ ਕੇ, ਇਸ ਜੇਤੂ ਖਿਡਾਰੀ ਨੇ ਸਾਬਿਤ ਕਰ ਦਿੱਤਾ ਹੈ ਜੇਕਰ ਇਨਸਾਨ ਦੇ ਇਰਾਦੇ ਮਜ਼ਬੂਤ ਹੋਣ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਮੰਜ਼ਿਲ ਹਾਸਲ ਕਰਨ ਤੋਂ ਰੋਕ ਨਹੀਂ ਸਕਦੀ। ਇਸ ਉਪਰੰਤ ਕੈਕਿੰਗ ਕੈਨੋਇੰਗ ਕੋਚਿੰਗ ਸੈਂਟਰ ਕੱਟਲੀ ਦੇ ਕੋਚ ਜਗਜੀਵਨ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਲੈ ਰਹੇ ਜੁਗਰਾਜ ਸਿੰਘ ਬਹੁਤ ਹੀ ਮਿਹਨਤ ਅਤੇ ਦਿਨ ਰਾਤ ਅਭਿਆਸ ਕਰਨ ਵਾਲਾ ਖਿਡਾਰੀ ਹੈ। ਜਿਸ ਨੇ ਖੇਡ ਲਈ ਆਪਣਾ ਸਭ ਕੁਝ ਦਾਅ ਉਤੇ ਲਾ ਦਿੱਤਾ, ਜਿਸ ਕਰਕੇ ਅੱਜ ਪੂਰੇ ਵਿਸ਼ਵ ਵਿਚ ਉਸਦੇ ਨਾਂ ਦੇ ਚਰਚੇ ਹੋ ਰਹੇ ਹਨ। ਜੁਗਰਾਜ ਸਿੰਘ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਟ੍ਰੇਨਿੰਗ ਕਰ ਰਿਹਾ ਹੈ ਇਸ ਖਿਡਾਰੀ ਨੇ ਰਾਸ਼ਟਰੀ ਅਤੇ ਅੰਤਰ ਯੂਨੀਵਰਸਿਟੀ ਪੱਧਰ 'ਤੇ ਦਰਜਨਾ ਮੈਡਲ ਜਿੱਤੇ ਹਨ।
ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ: ਕੋਚ ਨੇ ਦੱਸਿਆ ਕਿ ਸਮੂਹ ਜਿਲਾ ਪ੍ਰਸ਼ਾਸਨ ਜਿਲਾ ਖੇਡ ਵਿਭਾਗ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਇਸ ਸੈਂਟਰ ਤੋਂ ਹੋਰ ਵੀ ਕਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੁਕਾਬਲੇ 20 ਜੂਨ ਤੋਂ 23 ਜੂਨ, 2023 ਤੱਕ ਜ਼ੀਗੁਈ, ਯੀਚਾਂਗ, ਹੁਬੇਈ ਚੀਨ ਵਿਖੇ ਕਰਵਾਏ ਗਏ ਸਨ।ਇਸ ਮੌਕੇ ਇਸ ਮੌਕੇ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ) ਸ਼੍ਰੀਮਤੀ ਮਨੀਸ਼ਾ ਰਾਣਾ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ ਤੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਹਾਜ਼ਿਰ ਸਨ।
(PRESS NOTE)