ਰੋਪੜ: ਪੰਜਾਬ ਪੁਲਿਸ ਵੱਲ ਪ੍ਰਾਪਰਟੀ ਟੈਕਸ ਦਾ ਰੂਪਨਗਰ ਨਗਰ ਕੌਂਸਲ ਵਿੱਚ 1 ਕਰੋੜ 18 ਲੱਖ ਬਕਾਇਆ ਹੈ ਜੋ ਇਨ੍ਹਾਂ ਵੱਲੋਂ ਅਜੇ ਤੱਕ ਅਦਾ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਨਗਰ ਕੌਂਸਲ ਰੂਪਨਗਰ ਦੇ ਈਓ ਭਜਨ ਚੰਦ ਨੇ ਈਟੀਵੀ ਭਾਰਤ ਨੂੰ ਜਾਣਕਾਰੀ ਦਿੱਤੀ।
ਇਸ ਸਬੰਧੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਸਮੇਂ-ਸਮੇਂ ਤੇ ਡੀਜੀਪੀ ਮਹਿਕਮੇ ਦੇ ਨਾਲ ਸੰਪਰਕ ਵੀ ਕੀਤਾ ਗਿਆ ਪਰ ਅਜੇ ਤੱਕ ਕੋਈ ਪੈਸਾ ਪ੍ਰਾਪਤ ਨਹੀਂ ਹੋਇਆ ਹੈ।
ਭਜਨ ਚੰਦ ਨੇ ਦੱਸਿਆ ਕਿ ਡੀਜੀਪੀ ਮਹਿਕਮੇ ਦਾ ਕਹਿਣਾ ਹੈ ਕਿ ਇਸ ਟੈਕਸ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਮਾਮਲਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਮਨਜ਼ੂਰੀ ਦੇਵੇਗੀ ਉਦੋਂ ਪੂਰੇ ਪੰਜਾਬ ਵਿੱਚ ਮੌਜੂਦ ਪੁਲਿਸ ਦੀਆਂ ਬਿਲਡਿੰਗਾਂ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਰੂਪਨਗਰ ਦੇ ਜੰਗਲਾਤ ਮਹਿਕਮੇ ਵੱਲ ਵੀ ਦੱਸ ਤੋਂ ਬਾਰਾਂ ਲੱਖ ਰੁਪਏ ਦਾ ਬਕਾਇਆ ਪ੍ਰਾਪਰਟੀ ਟੈਕਸ ਦਾ ਬਾਕੀ ਹੈ, ਪਰ ਉਨ੍ਹਾਂ ਵੱਲੋਂ ਵੀ ਅਜੇ ਤੱਕ ਕੋਈ ਅਦਾਇਗੀ ਨਹੀਂ ਕੀਤੀ ਗਈ। ਨਗਰ ਕੌਂਸਲ ਦੇ ਈਓ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੀਵਰੇਜ ਅਤੇ ਵਾਟਰ ਸਪਲਾਈ ਦੇ ਕਰੀਬ ਡੇਢ ਕਰੋੜ ਰੁਪਏ ਦੇ ਬਿੱਲ ਰੂਪਨਗਰ ਦੇ ਸ਼ਹਿਰ ਵਾਸੀਆਂ ਵੱਲ ਅਜੇ ਤੱਕ ਖੜ੍ਹੇ ਹਨ, ਜਿਨ੍ਹਾਂ ਵੱਲੋਂ ਕੋਈ ਵੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ। ਨਗਰ ਕੌਂਸਲ ਦੇ ਈਓ ਨੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਟੈਕਸਾਂ ਦੀ ਅਦਾਇਗੀ ਜਲਦ ਕਰਨ।
ਇਹ ਵੀ ਪੜ੍ਹੋ: ਭਾਰਤੀ ਡਿਪਟੀ ਹਾਈ ਕਮਿਸ਼ਨਰ ਕਰਨਗੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ
ਪੰਜਾਬ ਪੁਲਿਸ ਅਤੇ ਹੋਰ ਮਹਿਕਮਿਆਂ ਵੱਲ ਖੜ੍ਹੇ ਕਰੋੜਾਂ ਦੇ ਪ੍ਰਾਪਰਟੀ ਟੈਕਸ ਦੇ ਬਕਾਏ ਦੇ ਮਾਮਲੇ 'ਤੇ ਹੁਣ ਵੇਖਣਾ ਹੋਵੇਗਾ ਸੂਬਾ ਸਰਕਾਰ ਕੀ ਕਾਰਵਾਈ ਕਰਦੀ ਹੈ, ਕਦੋਂ ਨਗਰ ਕੌਂਸਲ ਨੂੰ ਉਨ੍ਹਾਂ ਦੇ ਬਿੱਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ।