ਰੂਪਨਗਰ: ਰੂਪਨਗਰ ਦੀ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਦੇ 6ਵੇਂ ਦਿਨ ਵੀ ਸਰਕਾਰ ਵੱਲੋਂ ਹਾਲੇ ਤੱਕ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਖਰੀਦੀ ਹੋਈ ਕਣਕ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਜ਼ਿਲ੍ਹੇ ਦੀ ਦਾਣਾ ਮੰਡੀ ਦੇ ਵਿੱਚ 15 ਅਪ੍ਰੈਲ ਤੋਂ ਹਾਲੇ ਤੱਕ ਲਗਾਤਾਰ ਕਣਕ ਦੀ ਖਰੀਦ ਜਾਰੀ ਹੈ। ਸਰਕਾਰ ਵੱਲੋਂ ਆੜ੍ਹਤੀਆਂ ਨੂੰ ਜਾਰੀ ਟੋਕਨ ਰਾਹੀਂ ਕਿਸਾਨ ਆਪਣੀ ਫ਼ਸਲ ਲੈ ਕੇ ਦਾਣਾ ਮੰਡੀ 'ਚ ਆ ਰਹੇ ਹਨ ਤੇ ਵੇਚ ਰਹੇ ਹਨ।
ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਪੂਰੇ ਪੰਜਾਬ 'ਚ ਕਰਫਿਊ ਹੈ, ਉੱਥੇ ਹੀ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮੰਡੀਆਂ ਖੋਲ੍ਹ ਕੇ ਫ਼ਸਲ ਦੀ ਖ਼ਰੀਦ ਕੀਤੀ ਜਾ ਰਹੀ ਹੈ। ਪਰ ਜਿਹੜੇ ਕਿਸਾਨਾਂ ਨੇ ਹੁਣ ਤੱਕ ਆਪਣੀ ਕਣਕ ਦੀ ਫ਼ਸਲ ਵੇਚੀ ਹੈ, ਉਸ ਦਾ ਭੁਗਤਾਨ ਕਿਸਾਨਾਂ ਨੂੰ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਆੜ੍ਹਤੀਆਂ ਨੂੰ ਭੁਗਤਾਨ ਆਇਆ ਹੈ।
ਰੂਪਨਗਰ ਦੀ ਦਾਣਾ ਮੰਡੀ ਦੇ ਆੜ੍ਹਤੀਆਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਕਣਕ ਦਾ ਭੁਗਤਾਨ 48 ਘੰਟਿਆਂ ਦੇ ਅੰਦਰ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਪੈਸੇ ਹਾਲੇ ਤੱਕ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਨੂੰ ਵੀ ਪੈਸਿਆਂ ਦੀ ਬਹੁਤ ਲੋੜ ਹੈ। ਸਰਕਾਰ ਜਲਦ ਤੋਂ ਜਲਦ ਉਨ੍ਹਾਂ ਦੀ ਅਦਾਇਗੀ ਕਰੇ।