ਰੂਪਨਗਰ: ਸਰਕਾਰਾਂ ਸ਼ਹਿਰ ਦੇ ਵਿਕਾਸ ਅਤੇ ਬਨਿਆਦੀ ਢਾਂਚੇ ਨੂੰ ਉਸਾਰਨ ਦੇ ਕਿੰਨੇ ਵੀ ਦਾਅਵੇ ਕਰ ਲੈ ਪਰ ਸ਼ਹਿਰ ਦੇ ਬੇਲਾ ਰੋਡ ਸੜਕ ਇਨ੍ਹਾਂ ਦਾਵਿਆਂ ਨੂੰ ਮੂੰਹ ਚੜਾਉਂਦੀ ਹੈ। ਸੜਕ ਦਾ ਹਾਲ ਐਨਾ ਖਸਤਾ ਹੈ ਕਿ ਮੀਂਹ ਦੇ ਦਿਨਾਂ ਵਿੱਚ ਸੜਕ ਤੇ ਕਿਸੇ ਛੱਪੜ 'ਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸਮਾਜ ਸੇਵੀਆਂ ਵੱਲੋਂ ਸੜਕ ਦੀ ਹਾਲਤ ਨੂੰ ਸੁਧਾਰਨ ਲਈ ਕਈ ਵਾਰ ਮੰਗ ਕੀਤੀ ਗਈ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਸਰਕਾਰ ਅਤੇ ਇਲਾਕੇ ਦੇ ਦਿੱਗਜ ਆਗੂਆਂ ਦਾ ਇਸ ਵੱਲ ਧਿਆਨ ਪਵੇ ਤਾਂ ਕੁਝ ਸਮਾਜ ਸੇਵੀ ਲੋਕਾਂ ਨੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਬੋਰਡ ਤੱਕ ਲਗਵਾ ਦਿੱਤੇ ਹਨ।
ਹੁਣ ਕੁਝ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਕਾਂਗਰਸ ਦੇ ਦਿੱਗਜ ਆਗੂਆਂ ਦੇ ਪੋਸਟਰ ਵੀ ਲਵਾ ਦਿੱਤੇ ਹਨ। ਜਿਨ੍ਹਾਂ ਦੇ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਨ ਸਭਾ ਸਪੀਕਰ ਪੰਜਾਬ ਰਾਣਾ ਕੇਪੀ ਸਿੰਘ, ਸ੍ਰੀ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਅਤੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਮਰਜੀਤ ਸਿੰਘ ਸੰਦੋਆ ਸ਼ਾਮਲ ਹਨ। ਇਨ੍ਹਾਂ ਦੇ ਪੋਸਟਰ ਦੇ ਉੱਪਰ ਲਿਖਿਆ ਹੈ ਰੂਪਨਗਰ ਜ਼ਿਲ੍ਹੇ ਦੀਆਂ ਮੁੱਖ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ।
ਈਟੀਵੀ ਭਾਰਤ ਦੀ ਟੀਮ ਨੇ ਇੱਥੋਂ ਗੁਜ਼ਰਨ ਵਾਲੇ ਰਾਹੀਗਰਾਂ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਹੀ ਕਿਹਾ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਅਸੀਂ ਇਸ ਸੜਕ ਦੀ ਇਸ ਹਾਲਤ ਤੋਂ ਕਿੰਨੇ ਦੁੱਖੀ ਹਾਂ। ਰੋਜ਼ਾਨਾ ਇੱਥੇ ਸੜਕੀ ਹਾਦਸੇ ਹੁੰਦੇ ਹਨ ਕਈਆਂ ਨੇ ਤਾਂ ਦੱਸਿਆ ਕਿ ਉਹ ਇੱਥੇ ਕਈ ਵਾਰ ਸੱਟ ਵੀ ਖਾ ਚੁੱਕੇ ਹਨ ਪਰ ਪ੍ਰਸ਼ਾਸਨ ਇਸ ਸੜਕ ਨੂੰ ਠੀਕ ਕਰਨ ਦੇ ਵਿੱਚ ਕੋਈ ਧਿਆਨ ਨਹੀਂ ਦੇ ਰਿਹਾ ।