ਰੂਪਨਗਰ: ਸੂਬੇ ਵਿੱਚ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ। ਕਰਫਿਊ ਦੀ ਪਰਵਾਹ ਕੀਤੇ ਬਿਨਾਂ ਲੋਕ ਰੋਜ਼ਾਨਾ ਸਵੇਰੇ ਘਰੋਂ ਬਾਹਰ ਨਿਕਲਦੇ ਹਨ ਅਤੇ ਸਬਜ਼ੀ ਫਰੂਟ, ਖ਼ਰੀਦਣ ਲਈ ਸੜਕਾਂ ਉੱਤੇ ਪਹੁੰਚ ਜਾਂਦੇ ਹਨ।
ਦੂਜੇ ਪਾਸੇ ਸਬਜ਼ੀ ਤੇ ਫਰੂਟ ਦੀਆਂ ਰੇਹੜੀਆਂ ਵੀ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਸੜਕਾਂ ਉੱਤੇ ਆ ਕੇ ਖੜ੍ਹ ਜਾਂਦੀਆਂ ਹਨ ਪਰ ਇੱਥੇ ਕੋਰੋਨਾ ਦੀ ਮਹਾਂਮਾਰੀ ਤੋਂ ਬਚਣ ਲਈ ਇੱਕ ਦੂਜੇ ਤੋਂ ਜੋ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਸਿਹਤ ਮਹਿਕਮੇ ਵੱਲੋਂ ਦਿੱਤੀ ਜਾਂਦੀ ਹੈ ਉਸ ਦੀ ਪਾਲਣਾ ਕਰਨ ਵਾਲੇ ਬਹੁਤ ਘੱਟ ਦਿਖਾਈ ਦੇ ਰਹੇ ਹਨ।
ਰੂਪਨਗਰ ਦੇ ਡੀਐੱਮ ਪਬਲਿਕ ਸਕੂਲ ਰੋਡ ਉੱਤੇ ਵੱਡੀ ਗਿਣਤੀ ਵਿੱਚ ਰੇਹੜੀਆਂ ਉੱਤੇ ਖੜ੍ਹੇ ਲੋਕ ਸਾਮਾਨ ਖਰੀਦਦੇ ਨਜ਼ਰ ਆਏ ਪਰ ਜ਼ਿਆਦਾਤਰ ਲੋਕ ਭੀੜ ਬਣਾ ਕੇ ਹੀ ਇੱਥੇ ਖੜ੍ਹੇ ਰਹੇ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਸਥਾਨਕ ਵਾਸੀ ਰਮਨ ਮਿੱਤਲ ਨੇ ਕਿਹਾ ਹੈ ਕਿ ਸਰਕਾਰਾਂ ਹਮੇਸ਼ਾਂ ਆ ਕੇ ਰੱਖਿਆ ਨਹੀਂ ਕਰ ਸਕਦੀਆਂ। ਸਭ ਨੂੰ ਖੁਦ ਵੀ ਸਮਾਜਿਕ ਦੂਰੀ ਬਣਾਉਣ ਦੀ ਲੋੜ ਹੈ ਤਾਂ ਜੋ ਕੋਰੋਨਾ ਦੀ ਮਹਾਂਮਾਰੀ ਤੋਂ ਬਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ 2 ਕਰੋਨਾ ਪੋਜ਼ੀਟਿਵ ਕੇਸ ਜ਼ੇਰੇ ਇਲਾਜ ਹਨ।
ਸਿਹਤ ਮਹਿਕਮੇ ਵੱਲੋਂ ਜਨਤਾ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਣ ਤਾਂ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਪਰ ਜਨਤਾ ਇਨ੍ਹਾਂ ਹਦਾਇਤਾਂ ਵੱਲ ਬਹੁਤ ਘੱਟ ਧਿਆਨ ਦੇ ਰਹੀ ਹੈ, ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਦੇ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ।