ਰੋਪੜ: ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਕਰੀਬ 6 ਮਹੀਨਿਆਂ ਤੋਂ ਸਕੂਲ ਬੰਦ ਪਏ ਹਨ। ਜਿੱਥੇ ਇੱਕ ਪਾਸੇ ਸਰਕਾਰ ਨੇ ਅਨਲੌਕ ਦੇ ਚੌਥੇ ਪੜਾਅ 'ਚ ਨਵੀਂਆਂ ਹਦਾਇਤਾਂ ਜਾਰੀ ਕਰਦਿਆਂ ਬਹੁਤ ਸਾਰੇ ਅਦਾਰਿਆਂ ਵਿੱਚ ਢਿੱਲ ਦੇ ਦਿੱਤੀ ਹੈ। ਉੱਥੇ ਦੂਜੇ ਪਾਸੇ ਬੱਚਿਆਂ ਦੇ ਮਾਪੇ ਸਰਕਾਰ ਕੋਲੋਂ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਦੇਸ਼ ਦੇ ਅੰਦਰ ਬਾਕੀ ਅਦਾਰਿਆਂ ਦੇ ਵਿੱਚ ਸਰਕਾਰ ਢਿੱਲ ਦੇ ਰਹੀ ਹੈ, ਉਨ੍ਹਾਂ ਨੂੰ ਹੌਲੀ-ਹੌਲੀ ਖੋਲ੍ਹ ਰਹੀ ਹੈ, ਇਸ ਤਰ੍ਹਾਂ ਹੁਣ ਸਕੂਲ ਵੀ ਖੋਲ੍ਹੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਲਈ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਜਤਿਨ ਨੇ ਆਪਣਾ ਸੁਝਾਅ ਦਿੰਦੇ ਦੱਸਿਆ ਕਿ ਹਰ ਸਕੂਲ ਦੇ ਕੋਲ ਕਾਫ਼ੀ ਕਮਰੇ ਹੁੰਦੇ ਹਨ। ਛੇਵੀਂ ਕਲਾਸ ਤੋਂ ਉੱਪਰ ਵਾਲੇ ਵਿਦਿਆਰਥੀਆਂ ਨੂੰ ਔਡ-ਈਵਨ ਦੇ ਗਰੁੱਪ ਬਣਾ ਕੇ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਸਕੂਲ ਦੇ ਵਿੱਚ ਬੁਲਾ ਕੇ ਉਨ੍ਹਾਂ ਨੂੰ ਪੜ੍ਹਾਇਆ ਜਾ ਸਕਦਾ ਹੈ ਕਿਉਂਕਿ ਮੋਬਾਇਲ 'ਤੇ ਪੜ੍ਹਾਈ ਕਰਨ ਦੇ ਨਾਲ ਬੱਚਿਆਂ ਦੀਆਂ ਅੱਖਾਂ ਦੇ ਉੱਪਰ ਮਾੜਾ ਅਸਰ ਪੈ ਰਿਹਾ ਹੈ।
ਉੱਥੇ ਹੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਲੜਕੀਆਂ ਹਨ ਜੋ ਛੇਵੀਂ ਅਤੇ ਨੌਵੀਂ ਕਲਾਸ ਦੇ ਵਿੱਚ ਪੜ੍ਹਦੀਆਂ ਹਨ। ਘਰ ਦੇ ਵਿੱਚ ਉਹ ਮੋਬਾਈਲ ਉੱਪਰ ਇੰਟਰਨੈੱਟ ਦੇ ਜ਼ਰੀਏ ਆਪਣੀਆਂ ਆਨਲਾਈਨ ਕਲਾਸਾਂ ਲਗਾ ਰਹੀਆਂ ਹਨ ਪਰ ਰੋਜ਼ਾਨਾ ਕਈ-ਕਈ ਘੰਟੇ ਮੋਬਾਈਲ ਦੇ ਉੱਪਰ ਪੜ੍ਹਾਈ ਕਰਨ ਦੇ ਨਾਲ ਉਨ੍ਹਾਂ ਦੀਆਂ ਲੜਕੀਆਂ ਦੀਆਂ ਅੱਖਾਂ ਦੇ ਉੱਪਰ ਕਾਫੀ ਪ੍ਰਭਾਵ ਪੈ ਰਿਹਾ ਹੈ।
ਕ੍ਰਿਸ਼ਨ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਕਰਨ ਦੇ ਨਾਲ ਉਨ੍ਹਾਂ ਦੀਆਂ ਧੀਆਂ ਦੇ ਨਹੀਂ ਬਲਕਿ ਬਾਕੀ ਬੱਚਿਆਂ ਦੇ ਅੱਖਾਂ ਦੇ ਉੱਪਰ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਜਿਸ ਤਰ੍ਹਾਂ ਦੇਸ਼ ਦੇ ਅੰਦਰ ਬਾਕੀ ਚੀਜ਼ਾਂ ਹੌਲੀ-ਹੌਲੀ ਖੁੱਲ੍ਹ ਰਹੀਆਂ ਹਨ ਤਾਂ ਸਰਕਾਰ ਸਕੂਲ ਖੋਲ੍ਹਣ ਬਾਰੇ ਵੀ ਕੋਈ ਨਾ ਕੋਈ ਨੀਤੀ ਬਣਾਵੇ।