ਰੂਪਨਗਰ: ਨਿਰੰਕਾਰੀ ਭਵਨ ਦੇ ਕੋਲ ਰੋਪੜ-ਚੰਡੀਗੜ ਮਾਰਗ ’ਤੇ ਸੋਮਵਾਰ ਸਵੇਰੇ ਕਰੀਬ ਦਰਦਨਾਕ ਸੜਕ ਹਾਦਸੇ ’ਚ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸੜਕ ਹਾਦਸੇ ਵਿੱਚ ਦੋ ਮਾਂ-ਪੁੱਤ ਵੀ ਜ਼ਖਮੀ ਹੋ ਗਏ। ਜਖਮੀ ਔਰਤ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ ਰੈਫਰ ਕੀਤਾ ਹੈ, ਜਦੋਂ ਕਿ ਉਸਦੇ ਪੁੱਤਰ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਔਰਤ ਦੀ ਪਹਿਚਾਣ ਗੁਰਬਖਸ਼ ਕੌਰ ਵਜੋਂ ਹੋਈ ਹੈ। ਹਾਦਸੇ ਇਨਾਂ ਭਿਆਨਕ ਸੀ ਕਿ ਟਰੱਕ ਥੱਲੇ ਆਉਣ ਨਾਲ ਔਰਤ ਦੀ ਗਰਦਨ ਅਲੱਗ ਹੋ ਗਈ ਅਤੇ ਟਰੱਕ ਚਾਲਕ ਮੌਕੇ ’ਤੇ ਫਰਾਰ ਹੋ ਗਿਆ।
ਹਾਦਸੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਸਤਪਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਇਕਲ ’ਤੇ ਸਵਾਰ ਹੋ ਕੇ ਪਿੰਡ ਰੱਤੇਵਾਲ ਤੋਂ ਰੋਪੜ ਨੇੜੇ ਪਿੰਡ ਕੋਟਲਾ ਨਿਹੰਗ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਅਫਸੋਸ ਕਰਨ ਜਾ ਰਹੇ ਸਨ।
ਉਨ੍ਹਾਂ ਕਿਹਾ ਕਿ ਜਦੋਂ ਉਹ ਨਿਰੰਕਾਰੀ ਭਵਨ ਦੇ ਕੋਲ ਪਹੁੰਚੇ ਤਾਂ ਨਾਲ ਹੀ ਪਿਛੇ ਤੋਂ ਆ ਰਹੀ ਇੱਕ ਸਕੂਟਰੀ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਸਦੀ ਪਤਨੀ ਗੁਰਬਖਸ਼ ਕੌਰ ਮੋਟਰਸਾਇਕਲ ਤੋਂ ਡਿੱਗ ਗਈ। ਇਸ ਨਾਲ ਪਿੱਛੇ ਤੋਂ ਆ ਰਹੇ ਟਰੱਕ ਉਸ ਦੀ ਪਤਨੀ ਦੇ ਉਪਰ ਤੋਂ ਲੰਘ ਗਿਆ ਅਤੇ ਉਸਦੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਵੱਲੋਂ ਅੱਠ ਬਿੱਲ ਪਾਸ
ਇਸ ਸਬੰਧੀ ਐਸਐਚਓ ਰਾਜੀਵ ਕੁਮਾਰ ਨੇ ਕਿਹਾ ਕਿ ਸਾਨੂੰ ਹਾਦਸੇ ਦੀ ਸੂਚਨਾ ਮਿਲੀ ਸੀ ਕਿ ਰੋਪੜ ਰੋਡ 'ਤੇ ਇੱਕ ਨਾਲ ਹਾਦਸਾ ਹੋਇਆ ਹੈ। ਉਨ੍ਹਾਂ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਸਥਿਤੀ ਦੀ ਜ਼ਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਮਾਂ-ਪੁੱਤ ਜਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜਖ਼ਮੀ ਹੋਈ ਔਰਤ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਤੇ ਉਸ ਦੇ ਪੁੱਤਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।