ਰੂਪਨਗਰ: ਪੋਹ ਦੇ ਮਹੀਨੇ ਦਾ ਸ਼ਹੀਦੀ ਪੰਦਰਵਾੜਾ ਦੇਸ਼ ਦੁਨੀਆ 'ਚ ਬੈਠੇ ਸਿੱਖਾਂ ਲਈ ਬਹੁਤ ਖਾਸ ਹੈ। ਇਸ ਉਹ ਸਮਾਂ ਹੈ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡਦੇ ਹਨ ਅਤੇ ਫਿਰ ਸਰਸਾ ਨਦੀ 'ਤੇ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਹੀ ਸ਼ਹੀਦੀਆਂ ਦਾ ਦੌਰ ਵੀ ਸ਼ੁਰੂ ਹੁੰਦਾ ਹੈ। ਇਸ ਪੰਦਰਵਾੜੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੋ ਚਮਕੌਰ ਦੀ ਗੜ੍ਹੀ 'ਚ ਜੰਗ ਦੌਰਾਨ ਸ਼ਹੀਦ ਹੁੰਦੇ ਹਨ ਅਤੇ ਨਾਲ ਹੀ ਕੁਝ ਸਿੰਘ ਵੀ ਇਸ ਦੌਰਾਨ ਸ਼ਹੀਦੀ ਪਾਉਂਦੇ ਹਨ।
ਦੂਜੇ ਪਾਸੇ ਖੇਰੂ-ਖੇਰੂ ਹੋਏ ਪਰਿਵਾਰ 'ਚ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਗੰਗੂ ਪਾਪੀ ਸਰਹਿੰਦ ਦੇ ਨਵਾਬ ਕੋਲ ਕੈਦ ਕਰਵਾ ਦਿੰਦਾ ਹੈ। ਜਿਥੇ ਸਰਹਿੰਦ ਦੇ ਨਵਾਬ ਦੀ ਈਨ ਨਾ ਮੰਨਣ ਦੇ ਚੱਲਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇੰਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਚਮਕੌਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ 'ਚ ਤਿੰਨ ਦਿਨਾਂ ਅਖੰਡ ਪਾਠ ਸਾਹਿਬ ਰਖਵਾ ਕੇ ਭੋਗ ਪਾਏ ਜਾਂਦੇ ਹਨ, ਜਿਸ ਉਪਰੰਤ ਨਗਰ ਕੀਰਤਨ ਵੀ ਕੱਢੇ ਜਾਂਦੇ ਹਨ।
ਇਸ ਦੇ ਚੱਲਦੇ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਦੀ ਯਾਦ 'ਚ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗੁਰਦੁਵਾਰਾ ਕੱਚੀ ਗੜੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਨਗਰ ਕੀਰਤਨ 'ਚ ਜਿਥੇ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ ਤਾਂ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ । ਜਿਥੇ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਚਮਕੌਰ ਸਾਹਿਬ 'ਚ ਸ਼ਹੀਦੀ ਦਿਨਾਂ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਇਹ ਨਗਰ ਕੀਰਤਨ ਸਜਾਇਆ ਗਿਆ।
- ਮਨੀ ਲਾਂਡਰਿੰਗ ਮਾਮਲੇ 'ਚ ED ਨੇ ਆਪ ਵਿਧਾਇਕ ਗੱਜਣ ਮਾਜਰਾ 'ਤੇ ਕੀਤੀ ਵੱਡੀ ਕਾਰਵਾਈ, 35.10 ਕਰੋੜ ਦੀ ਜਾਇਦਾਦ ਕੁਰਕ
- ਇੰਡੀਆ ਗੱਠਜੋੜ 'ਤੇ ਬੋਲੇ ਭਾਰਤ ਭੂਸ਼ਣ ਆਸ਼ੂ, ਕਿਹਾ- ਨਹੀਂ ਰਹਿਣਗੇ ਫਿਰ ਨਤੀਜੇ ਸਾਰਥਕ, ਸਿੱਧੂ ਨੂੰ ਵੀ ਦੇ ਦਿੱਤੀ ਇਹ ਸਲਾਹ
- ਸ਼ਹੀਦੀ ਦਿਹਾੜੇ ਮੌਕੇ ਮਾਤਮੀ ਬਿਗਲ ਦੇ ਫੈਸਲੇ 'ਤੇ SGPC ਦਾ ਇਤਰਾਜ਼, ਪ੍ਰਧਾਨ ਧਾਮੀ ਬੋਲੇ-ਗੁਰਮਤਿ ਮਰਯਾਦਾ ਦੇ ਵਿਰੁੱਧ ਫੈਸਲਾ
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਵਾਰਾ ਕੱਚੀ ਗੜੀ ਸਾਹਿਬ ਤੋਂ ਆਰੰਭ ਕੀਤਾ ਗਿਆ ਹੈ, ਜੋ ਚਮਕੌਰ ਸਾਹਿਬ ਦੇ ਵੱਖ-ਵੱਖ ਹਿੱਸਿਆਂ 'ਚ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਵਿੱਚ ਪਹੁੰਚ ਕੇ ਸਮਾਪਤ ਹੁੰਦਾ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ 'ਤੇ ਚੱਲੀਏ ਅਤੇ ਬਾਣੇ ਤੇ ਬਾਣੀ ਦੇ ਧਾਰਨੀ ਬਣੀਏ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਬਹੁਤ ਕੁਰਬਾਨੀਆਂ ਦਾ ਰਿਹਾ ਹੈ, ਜਿਸ ਨੂੰ ਯੁੱਗਾਂ-ਯੁੱਗਾਂ ਤੱਕ ਯਾਦ ਕੀਤਾ ਜਾਂਦਾ ਰਹੇਗਾ।