ਰੋਪੜ: ਪੰਜਾਬ ਦੇ ਘਰਾਂ ਵਿੱਚ ਰੋਜ਼ਾਨਾ ਸਭ ਤੋਂ ਪਹਿਲਾਂ ਜੇਕਰ ਕਿਸੇ ਚੀਜ਼ ਦੀ ਵਰਤੋਂ ਹੁੰਦੀ ਹੈ ਤਾਂ ਉਹ ਹੈ ਦੁੱਧ। ਬਜ਼ੁਰਗ, ਬੱਚੇ ਅਤੇ ਨੌਜਵਾਨ ਹਰ ਵਰਗ ਦੁੱਧ ਦਾ ਸੇਵਨ ਕਰਦਾ ਹੈ। ਇਹ ਦੁੱਧ ਦੀ ਸਪਲਾਈ ਤੁਹਾਡੇ ਘਰ ਦੋਧੀਆਂ ਵੱਲੋਂ ਕੀਤੀ ਜਾਂਦੀ ਹੈ ਪਰ ਜਿਸ ਦੁੱਧ ਦਾ ਤੁਸੀਂ ਮਹੀਨੇ ਬਾਅਦ ਬਿੱਲ ਅਦਾ ਕਰਦੇ ਹੋ, ਕੀ ਤੁਸੀਂ ਕਿਤੇ ਮਿਲਾਵਟੀ ਦੁੱਧ ਦੇ ਪੈਸੇ ਤਾਂ ਨਹੀਂ ਦੇ ਰਹੇ।
ਇਸੇ ਮਕਸਦ ਨਾਲ ਡੇਅਰੀ ਵਿਕਾਸ ਵੱਲੋਂ ਮੋਬਾਈਲ ਵੈਨਾਂ ਰਾਹੀਂ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਦੁੱਧ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਦੁੱਧ ਦੀ ਗੁਣਵੱਤਾ ਬਾਰੇ ਦੱਸਿਆ ਜਾ ਰਿਹਾ ਹੈ। ਸੈਂਪਲਿੰਗ ਦਾ ਇਹ ਕੰਮ ਦੁੱਧ ਦੀ ਗੁਣਵੱਤਾ ਨੂੰ ਚੈੱਕ ਕਰਨ ਵਾਸਤੇ ਕਾਫ਼ੀ ਲਾਹੇਵੰਦ ਸਾਬਿਤ ਹੋ ਰਿਹਾ ਹੈ ਅਤੇ ਲੋਕ ਵੀ ਕਾਫੀ ਖੁਸ਼ ਹਨ।
ਡੇਅਰੀ ਵਿਕਾਸ ਬੋਰਡ ਦੇ ਅਧਿਕਾਰੀ ਦਰਸ਼ਨ ਸਿੰਘ ਨੇ ਗੱਲਬਾਤ ਦੌਰਾਨ ਇਸ ਮੁਹਿੰਮ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਪਰ ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਕਿਸ ਇਲਾਕੇ ਦੇ ਵਿੱਚ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ।
ਦੁੱਧ ਨਾਲ ਸਬੰਧਿਤ ਮਹਿਕਮੇ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਕੰਮ ਤਾਂ ਕੀਤਾ ਜਾ ਰਿਹਾ ਹੈ ਪਰ ਕੀ ਮਿਲਾਵਟਖੋਰੀ ਨੂੰ ਰੋਕਣ ਵਾਸਤੇ ਸਿਹਤ ਮਹਿਕਮਾ ਜਾਂ ਉਸਦੇ ਅਧਿਕਾਰੀ ਸਹੀ ਤਰ੍ਹਾਂ ਕੰਮ ਕਰ ਰਹੇ ਹਨ? ਕੀ ਪੰਜਾਬ ਦੇ ਲੋਕਾਂ ਨੂੰ ਬਿਨਾਂ ਮਿਲਾਵਟ ਤੋਂ ਦੁੱਧ ਮਿਲ ਰਿਹਾ ਹੈ?