ਰੂਪਨਗਰ: ਕਲਪ ਬ੍ਰਿਖ ਦਾ ਤੁਸੀਂ ਕਿਤਾਬਾਂ ਵਿੱਚ, ਗ੍ਰੰਥਾਂ ਵਿੱਚ ਜਾਂ ਕਥਾ ਕਹਾਣੀਆਂ ਵਿੱਚ ਜ਼ਿਕਰ ਜ਼ਰੂਰ ਸੁਣਿਆ ਹੋਵੇਗਾ। ਪਰ, ਅੱਜ ਅਸੀਂ ਤੁਹਾਨੂੰ ਇਸ ਕਲਪ ਬ੍ਰਿਖ ਦੇ ਦਰਸ਼ਨ ਵੀ ਕਰਵਾਉਣ ਜਾ ਰਹੇ ਹਾਂ। ਇੱਥੇ ਦੇ ਸੇਵਾਦਾਰਾਂ ਤੇ ਪਿੰਡ ਵਾਸੀਆਂ ਮੁਤਾਬਿਕ ਪੂਰੀ ਦੁਨੀਆਂ ਵਿੱਚ ਸਿਰਫ ਤਿੰਨ ਕਲਪ ਬ੍ਰਿਖ ਹੀ ਹਨ। ਇਕ ਮੱਕਾ ਮਦੀਨਾ ਵਿਖੇ, ਦੂਜਾ ਯੂਪੀ ਅਯੁੱਧਿਆ ਵਿਖੇ ਅਤੇ ਤੀਜਾ ਇਹ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਕਲਪ ਬ੍ਰਿਖ।
ਕੀ ਹੈ ਕਲਪ ਬ੍ਰਿਖ ਦਾ ਮਿਥਿਹਾਸ/ਇਤਿਹਾਸ : ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਅਟਾਰੀ ਵਿਖੇ ਮੌਜੂਦ ਇਹ ਬ੍ਰਿਖ/ਦਰਖ਼ਤ ਹਜ਼ਾਰਾ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਹੁਣ ਇਹ ਕਲਪ ਬ੍ਰਿਖ/ਦਰਖ਼ਤ ਆਪਣੀ ਉਮਰ ਪੂਰੀ ਚੁੱਕਾ ਹੈ ਅਤੇ ਹੁਣ ਇਸ ਬ੍ਰਿਖ ਦਾ ਸਿਰਫ਼ ਤਣਾ ਹੀ ਮੌਜੂਦ ਹੈ। ਜਿਸ ਥਾਂ 'ਤੇ ਕਲਪ ਬ੍ਰਿਖ ਮੌਜੂਦ ਹੈ, ਇਹ ਥਾਂ ਭਾਈ ਉਦੈ ਸਿੰਘ ਜੀ, (ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੌਜ ਦੇ ਜਰਨੈਲ ਸਨ), ਦਾ ਸ਼ਹੀਦੀ ਸਥਾਨ ਦੱਸਿਆ ਜਾਂਦਾ ਹੈ।
ਇਹ ਦਰੱਖਤ ਲਗਭਗ 70 ਫੁੱਟ ਉੱਚਾ ਹੁੰਦਾ ਹੈ ਅਤੇ ਇਸ ਦੇ ਤਣੇ ਦਾ ਵਿਆਸ 35 ਫੁੱਟ ਤੱਕ ਹੋ ਸਕਦਾ ਹੈ। ਇਸ ਦੇ ਤਣੇ ਦਾ ਘੇਰਾ ਵੀ 150 ਫੁੱਟ ਤੱਕ ਮਾਪਿਆ ਗਿਆ ਹੈ। ਇਸ ਰੁੱਖ ਦਾ ਔਸਤ ਜੀਵਨ ਕਾਲ 2500-3000 ਸਾਲ ਹੈ। ਜਦਕਿ, ਕਾਰਬਨ ਡੇਟਿੰਗ ਰਾਹੀਂ ਸਭ ਤੋਂ ਪੁਰਾਣੇ ਪਹਿਲੇ ਟਾਈਮਰ ਦੀ ਉਮਰ ਦਾ ਅੰਦਾਜ਼ਾ 6,000 ਸਾਲ ਲਗਾਇਆ ਗਿਆ ਹੈ।
ਪੂਰੀ ਦੁਨੀਆਂ 'ਚ ਸਿਰਫ 3 ਹੀ ਕਲਪ ਬ੍ਰਿਖ/ਦਰਖ਼ਤ ਮੌਜੂਦ: ਪਿੰਡ ਅਟਾਰੀ ਵਾਸੀਆਂ ਅਤੇ ਇੱਥੋਂ ਦੇ ਸੇਵਾਦਾਰ ਮੁਤਾਬਕ ਇਸ ਜਗ੍ਹਾ ਬਾਰੇ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਨੇ ਦੱਸਿਆ ਸੀ ਕਿ ਇਹ ਕਲਪ ਬ੍ਰਿਖ/ਦਰਖ਼ਤ ਚਾਰ ਸਦੀਆਂ ਪੁਰਾਣਾ ਹੈ। ਇਹ ਕਲਪ ਬ੍ਰਿਖ 2006-07 ਵਿੱਚ ਆਪਣੀ ਉਮਰ ਭੋਗ ਚੁੱਕਾ ਹੈ ਅਤੇ ਹੁਣ ਇਸ ਦਾ ਸਿਰਫ ਤਣਾ ਹੀ ਮੌਜੂਦ ਹੈ। ਪਿੰਡ ਵਾਸੀਆਂ ਮੁਤਾਬਕ ਇੱਥੇ ਆ ਕੇ ਅਰਦਾਸ ਕਰਨ ਨਾਲ ਕਈ ਰੋਗੀਆਂ ਦੇ ਰੋਗ ਦੂਰ ਹੋਏ ਹਨ। ਇੱਥੋਂ ਤੱਕ ਕਿ ਜੋ ਬੋਲਣ ਵਿੱਚ ਚੰਗੀ ਤਰ੍ਹਾਂ ਸਮਰਥ ਨਾ ਹੋਵੇ, ਉਹ ਵੀ ਸਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਪੂਰੀ ਦੁਨੀਆਂ 'ਚ ਸਿਰਫ 3 ਕਲਪ ਬ੍ਰਿਖ ਹੀ ਇਸ ਸਮੇਂ ਮੌਜੂਦ ਹਨ। ਸੰਗਤ ਇੱਥੇ ਆ ਕੇ ਇਸ ਦੀ ਲੱਕੜੀ ਨਾਲ ਲੈ ਕੇ ਜਾਂਦੇ ਹਨ। ਜੋ ਵੀ ਸੰਗਤ ਇੱਛਾ ਮੰਗਦੀ ਹੈ, ਉਹ ਪੂਰੀ ਹੋ ਜਾਂਦੀ ਹੈ।
ਦਵਾਈ ਦੇਣ ਵਾਲਾ ਰੁੱਖ : ਇਹ ਇੱਕ ਪਰਉਪਕਾਰੀ ਔਸ਼ਧੀ-ਪੌਦਾ ਹੈ, ਅਰਥਾਤ, ਇੱਕ ਦਵਾਈ ਦੇਣ ਵਾਲਾ ਰੁੱਖ ਹੈ। ਇਸ 'ਚ ਸੰਤਰੇ ਨਾਲੋਂ 6 ਗੁਣਾਂ ਜ਼ਿਆਦਾ ਵਿਟਾਮਿਨ 'ਸੀ' ਹੁੰਦਾ ਹੈ। ਗਾਂ ਦੇ ਦੁੱਧ ਤੋਂ ਦੁੱਗਣਾ ਕੈਲਸ਼ੀਅਮ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ। ਇਸ ਦੀਆਂ ਪੱਤੀਆਂ ਨੂੰ ਧੋ ਕੇ ਸੁੱਕਾ ਜਾਂ ਪਾਣੀ ਵਿੱਚ ਉਬਾਲ ਕੇ ਪੀਤਾ ਜਾ ਸਕਦਾ ਹੈ। ਰੁੱਖ ਦੀ ਸੱਕ, ਫਲ ਅਤੇ ਫੁੱਲ ਦਵਾਈ ਤਿਆਰ ਕਰਨ ਲਈ ਵਰਤੇ ਜਾਂਦੇ ਹਨ।
ਇਹ ਵੀ ਪੜ੍ਹੋ: Langar For Patients: ਮਰੀਜ਼ਾਂ ਲਈ ਪਿਛਲੇ 20 ਸਾਲਾਂ ਤੋਂ ਨਿਰਵਿਘਨ ਚੱਲ ਰਹੀ ਹੈ ਰੋਜ਼ਾਨਾ ਲੰਗਰ ਸੇਵਾ