ਰੂਪਨਗਰ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਾਰੀ ਹੈ। ਬੀਤੇ ਦਿਨੀਂ ਵਾਪਰੇ ਘਟਨਾਕ੍ਰਮ ਨੂੰ ਨੈਸ਼ਨਲ ਮੀਡੀਆ ਵੱਲੋਂ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਇਸ ਦੇ ਚੱਲਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਰਤੀ ਕਿਸਾਨ ਮੋਰਚਾ ਵਲੋਂ ਨੂਰਪੁਰਬੇਦੀ ਵਿੱਚ ਜਾਗਰੂਕਤਾ ਮਾਰਚ ਦਾ ਆਯੋਜਨ ਕੀਤਾ।
ਕਿਰਤੀ ਕਿਸਾਨ ਮੋਰਚਾ ਨੇ ਬੱਸ ਸਟੈਂਡ ਨੂਰਪੁਰਬੇਦੀ ਤੋਂ ਜਾਗਰੂਕਤਾ ਮਾਰਚ ਰਵਾਨਾ ਹੋਇਆ। ਨੂਰਪੁਰਬੇਦੀ ਪੁਲਿਸ ਥਾਣੇ ਵਿੱਚ ਜਾ ਕੇ ਥਾਣਾ ਮੁਖੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਸਮਾਪਤ ਹੋਇਆ। ਇਸ ਮਾਰਚ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ਼ ਜੰਮਕੇ ਨਾਅਰੇਬਾਜੀ ਵੀ ਕੀਤੀ ਗਈ।
ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਜੋ ਨੈਸ਼ਨਲ ਮੀਡੀਆ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਰਾਸਰ ਭੰਡ ਪ੍ਰਚਾਰ ਹੈ। ਦਿੱਲੀ ਵਿੱਚ ਕਿਸਾਨ ਮੋਰਚਾ ਪੂਰੇ ਅਨੁਸ਼ਾਸ਼ਨ ਅਤੇ ਜੋਸ਼ ਨਾਲ ਚੱਲ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ।
ੳਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੀ ਜਾਂਦੇ ਹਨ ਸਮੂਹ ਕਿਸਾਨ ਇਸੇ ਤਰੀਕੇ ਨਾਲ ਸਘੰਰਸ਼ ਕਰਦੇ ਰਹਿਣਗੇ ਅਤੇ ਕਿਰਤੀ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਹੈ।