ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਵਿੱਚ ਪ੍ਰੇਮ ਵਿਆਹ ਨੂੰ ਲੈ ਕੇ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਹ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਮਾਲੇਵਾਲ ਦਾ ਹੈ। ਇੱਥੇ ਭੈਣ ਦੀ ''ਲਵ ਮੈਰਿਜ'' ਤੋਂ ਦੋੇ ਸਾਲ ਬਾਅਦ ਸਾਲੇ ਨੇ ਬੇਰਹਿਮੀ ਨਾਲ ਜੀਜੇ ਦਾ ਕਤਲ ਕਰ ਦਿੱਤਾ ਹੈ।
ਲਵ ਮੈਰਿਜ ਕਰਵਾਉਣ ਦੇ ਦੋ ਸਾਲ ਬਾਅਦ ਨੌਜਵਾਨ ਦਾ ਉਸ ਦੇ ਹੀ ਸਾਲੇ ਵੱਲੋਂ ਕੁਹਾੜੇ ਨਾਲ ਗਰਦਨ ਵੱਢ ਕੇ ਕਤਲ ਕਰ ਦਿੱਤਾ ਗਿਆ। ਸਾਲੇ ਵੱਲੋਂ ਆਪਣੇ ਜੀਜੇ ਦੇ ਘਰ ਵਿੱਚ ਹੀ ਪਹੁੰਚ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਤਲ ਹੋਏ ਨੌਜਵਾਨ ਦੀ ਪਹਿਚਾਨ ਨਾਮ ਲਖਵੀਰ ਦਾਸ (35) ਵਾਸੀ ਮਾਲੇਵਾਲ ਜ਼ਿਲ੍ਹਾ ਰੂਪਨਗਰ ਵਜੋਂ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸ੍ਰੀ ਚਮਕੌਰ ਸਾਹਿਬ ਦੀ ਪੁਲਸ ਨੇ ਮਾਮਲੇ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲਖਵੀਰ ਸਿੰਘ ਉਰਫ਼ ਲੱਖੀ ਅਤੇ ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਨੰਬਰ 100 ਧਾਰਾ 302, 34 - ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।