ਸ੍ਰੀ ਅਨੰਦਪੁਰ ਸਾਹਿਬ: ਜਦੋਂ ਪਰਿਵਾਰ ਵਿੱਚ ਇੱਕੋ ਇੱਕ ਕਮਾਉਣ ਵਾਲਾ ਪਰਿਵਾਰ ਦਾ ਮੁੱਖੀ ਗੰਭੀਰ ਬਿਮਾਰੀ ਤੋਂ ਪੀੜਤ ਹੋ ਕੇ ਮੰਜੇ ‘ਤੇ ਪੈ ਜਾਵੇ, ਤਾਂ ਉਸ ਦੇ ਇਲਾਜ ਲਈ ਹਜਾਰਾਂ ਰੁਪਇਆਂ ਦੀ ਲੋੜ ਪੈਂਦੀ ਹੋਵੇ, ਪਰ ਕਮਾਈ ਦਾ ਕੋਈ ਸਾਧਨ ਹੀ ਨਾ ਹੋਵੇ, ਤਾਂ ਉਸ ਵਿਅਕਤੀ ਦੀ ਬਾਂਹ ਕੌਣ ਫੜੇਗਾ। ਰਿਸ਼ਤੇਦਾਰ, ਸੱਜਣ, ਮਿੱਤਰ,ਆਂਢ, ਗਵਾਂਢ ਪਿਛਲ਼ੇ 2 ਸਾਲਾਂ ਤੋਂ ਜਿੰਨਾਂ ਕੁ ਹੋ ਸਕਿਆ ਮੱਦਦ ਕਰ ਰਹੇ ਸਨ, ਪਰ ਮਹਿੰਗਾਈ ਦੇ ਇਸ ਦੌਰ ਵਿੱਚ ਜਦੋਂ ਆਪਣਾ ਘਰ ਚਲਾਉਣਾ ਔਖਾ ਹੋਇਆ ਪਿਆ ਕੋਈ ਕਿਸੇ ਦਾ ਕਿੰਨਾ ਕੁ ਕਰ ਸਕਦਾ ਹੈ।
ਦਰਅਸਲ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੇ ਨਜਦੀਕੀ ਪਿੰਡ ਲੋਧੀਪੁਰ ਦਾ 40 ਕੁ ਸਾਲਾਂ ਨੌਜਵਾਨ ਗੁਰਨਾਮ ਸਿੰਘ ਜਿਸ ਦੀਆਂ ਦੋਵੇਂ ਕਿਡਨੀਆਂ ਖ਼ਰਾਬ (Both kidneys damaged) ਹੋ ਚੁੱਕੀਆਂ ਹਨ ਅਤੇ ਹਫਤੇ ਵਿੱਚ 3 ਵਾਰ ਡਾਇਲਸਜ ਕਰਵਾਉਣਾ ਪੈਂਦਾ ਹੈ। ਪੀੜਤ ਗੁਰਨਾਮ ਸਿੰਘ ਤਿੰਨ ਬੱਚਿਆ ਦਾ ਬਾਪ ਹੈ। ਬਜ਼ੁਰਗ ਮਾਤਾ ਅਤੇ ਪਤਨੀ ਘਰ ਵਿੱਚ ਰੱਖੇ ਡੰਗਰ ਪਸ਼ੂਆਂ ਦਾ ਗੋਹਾ ਕੂੜਾ ਕਰਕੇ ਥੋੜ੍ਹਾਂ ਬਹੁਤ ਦੁੱਧ ਵੇਚ ਕੇ ਰੋਟੀ ਪਾਣੀ ਦਾ ਜੁਗਾੜ ਕਰ ਰਹੀ ਹੈ, ਪਰ ਆਪਣੇ ਬਿਮਾਰ ਪੁੱਤ ਦੇ ਇਲਾਜ ਲਈ ਦਰ-ਦਰ ਠੌਕਰਾਂ ਖਾਂਦੀ ਹੋਈ ਮਦਦ ਦੀ ਗੁਹਾਰ ਲਾ ਰਹੀ ਹੈ।
ਇਸ ਮੌਕੇ ਗੁਰਨਾਮ ਸਿੰਘ ਦੀ ਮਾਤਾ ਉਰਮਿਲਾ ਨੇ ਰੋਂਦੇ ਹੋਏ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਮੰਜੇ ‘ਤੇ ਪਏ ਗੁਰਨਾਮ ਦੇ ਇਲਾਜ ਲਈ ਉਨਾਂ ਕੋਲ ਜੋ ਕੁੱਝ ਸੀ, ਉਨ੍ਹਾਂ ਨੇ ਉਸ ਦੇ ਇਲਾਜ ‘ਤੇ ਲਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਹੱਥ ਖੜੇ ਹਨ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੋਬਾਇਲ ਨੰਬਰ 90413-49820 ਹੈ ਤਾਂ ਮੇਰੇ ਨੌਜਵਾਨ ਪੁੱਤ ਦੇ ਇਲਾਜ ਲਈ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਉਣ।
ਉਨਾਂ ਦੱਸਿਆ ਕਿ ਬੱਚਿਆਂ ਦੀ ਪੜਾਈ ਲਿਖਾਈ ਕਿਤਾਬਾਂ ਕਾਪੀਆਂ ਅਤੇ ਵਰਦੀਆਂ ਲੈਣੀਆਂ ਵੀ ਔਖੀਆਂ ਹੋਈਆਂ ਪਈ ਹੈ, ਕਿਉਂਕਿ ਕਮਾਈ ਦਾ ਕੋਈ ਸਾਧਨ ਹੀ ਨਹੀਂ ਬਚਿਆ। ਹਰ ਪਾਸੋਂ ਮਜ਼ਬੂਰ ਅਤੇ ਲਾਚਾਰ ਹੋਈ ਮਾਤਾ ਉਰਮਿਲਾ ਨੂੰ ਪੂਰੀ ਆਸ ਹੈ ਕਿ ਪ੍ਰਮਾਤਮਾ ਕਿਸੇ ਨਾ ਕਿਸੇ ਰੂਹ ਨੂੰ ਜਰੂਰ ਉਨ੍ਹਾਂ ਦੀ ਮਦਦ ਲਈ ਭੇਜੇਗਾ ਅਤੇ ਉਸ ਦਾ ਪੁੱਤ ਜਲਦੀ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ: ਲੰਪੀ ਸਕਿਨ ਬੀਮਾਰੀ ਦੀ ਭੇਂਟ ਚੜ੍ਹ ਰਹੀਆਂ ਹਨ ਦੁਧਾਰੂ ਗਾਵਾਂ, ਪਸ਼ੂ ਪਾਲਕ ਪਰੇਸ਼ਾਨ