ਰੋਪੜ : ਮੋਰਿੰਡਾ ਵਿੱਚ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਸਥਿਤ ਹੈ, ਜਿੱਥੇ ਗੰਗੂ ਦੇ ਧੋਖਾ ਦੇਣ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਿਰ ਉਨ੍ਹਾਂ ਨੂੰ ਥਾਣਾ ਕੋਤਵਾਲੀ ਵਿੱਚ ਰੱਖਿਆ ਗਿਆ ਸੀ। ਇਸ ਥਾਂ ਉੱਤੇ ਹੁਣ ਗੁਰਦੁਆਰਾ ਕੋਤਵਾਲੀ ਸਾਹਿਬ ਸੁਸ਼ੋਭਿਤ ਹੈ। ਜਾਣਦੇ ਹਾਂ, ਇਸ ਗੁਰਦੁਆਰੇ ਦਾ ਇਤਿਹਾਸ।
ਗੁਰਦੁਆਰਾ ਕੋਤਵਾਲੀ ਸਾਹਿਬ ਦਾ ਇਤਿਹਾਸ : ਸਿਰਸਾ ਨਦੀਂ ਤੋਂ ਵਿੱਛੜ ਕੇ ਮਾਤਾ ਗੁਜਰੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਰਾਤ ਸਿਰਸਾ ਨਦੀ ਦੇ ਕੰਢੇ ਕੁੰਮੇ ਮਸ਼ਕੀ ਦੀ ਝੁੱਗੀ ਵਿੱਚ ਕੱਟੀ। ਉੱਥੇ ਦੋ ਦਿਨ ਲਛਮੀ ਨਾਂਅ ਦੀ ਬ੍ਰਾਹਮਣੀ ਰੋਟੀ ਪਾਣੀ ਪਹੁੰਚਾਉਂਦੀ ਰਹੀ। ਉੱਥੇ ਸਹੇੜੀ ਦਾ ਗੰਗੂ ਬ੍ਰਾਹਮਣ ਮਾਤਾ ਦੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਪਿੰਡ ਲੈ ਆਇਆ। ਗੰਗੂ, ਗੁਰੂ ਘਰ ਵਿੱਚ ਲੰਗਰ 'ਚ ਸੇਵਾਦਾਰ ਸੀ।
ਗੰਗੂ ਦੀ ਬਦਲੀ ਨੀਅਤ : ਰੁਪਇਆ ਦੀ ਭਰੀ ਖੁਰਜੀ ਦੇਖ ਕੇ ਗੰਗੂ ਦੀ ਨੀਅਤ ਬਦਲ ਗਈ। ਉਸ ਨੇ ਮੋਹਰਾਂ ਛੁਪਾਈਆਂ ਅਤੇ ਰੌਲਾ ਪਾ ਦਿੱਤਾ ਕਿ ਉਸ ਦੀਆਂ ਮੋਹਰਾਂ ਚੋਰੀ ਹੋ ਗਈਆਂ ਹਨ। ਮਾਤਾ ਗੁਜਰੀ ਨੇ ਗੰਗੂ ਨੇ ਕੋਲ ਬੁਲਾਇਆ ਅਤੇ ਕਿਹਾ ਕਿ ਤੂੰ ਰੌਲਾ ਨਾ ਪਾ, ਮੋਹਰਾਂ ਇੱਥੇ ਹੀ ਹੋਣਗੀਆਂ। ਘਰ ਅੰਦਰ ਹੀ ਹੋਣਗੀਆਂ, ਕਿਉਂਕਿ ਬਾਹਰੋ ਕੋਈ ਵੀ ਘਰ ਦੇ ਅੰਦਰ ਨਹੀਂ ਆਇਆ, ਤੂੰ ਖੁਦ ਕਿਤੇ ਮੋਹਰਾਂ ਰੱਖ ਕੇ ਭੁੱਲ ਗਿਆ ਹੋਵੇਗਾ। ਗੰਗੂ ਨੇ ਇੰਨੀ ਗੱਲ ਦਾ ਗੁੱਸਾ ਕਰ ਲਿਆ।
ਫਿਰ, ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡਾ ਥਾਣਾ ਕੋਤਵਾਲੀ ਪਹੁੰਚ ਗਿਆ। ਉਸ ਸਮੇਂ ਦੌਰਾਨ ਦੋ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਡਿਊਟੀ ਉੱਤੇ ਸੀ। ਉਨ੍ਹਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਗੁਜਰੀ ਜੀ ਅਤੇ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਬੈਠੇ ਹਨ, ਤੁਸੀਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਓ।
ਮਾਤਾ ਗੁਜਰੀ ਤੇ ਦੋਨੇਂ ਸਾਹਿਬਜ਼ਾਦਿਆਂ ਨੇ ਥਾਣੇ 'ਚ ਕੱਟੀ ਰਾਤ : ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਜਰੀ ਤੇ ਦੋਨੇਂ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕੋਤਵਾਲੀ ਥਾਣੇ ਵਿੱਚ ਲੈ ਆਏ। ਇੱਥੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ। ਇਕ ਰਾਤ ਥਾਣੇ ਵਿੱਚ ਰੱਖਿਆ ਗਿਆ। ਉਸ ਰਾਤ ਮਾਤਾ ਗੁਜਰੀ ਤੇ ਦੋਨੇਂ ਸਾਹਿਬਜ਼ਾਦਿਆਂ ਨੂੰ ਨਾ ਰੋਟੀ ਪਾਣੀ ਦਿੱਤਾ ਗਿਆ ਅਤੇ ਨਾ ਹੀ ਠੰਡ ਤੋਂ ਬੱਚਣ ਲਈ ਕੋਈ ਕੱਪੜਾ। ਸਵੇਰ ਹੁੰਦਿਆ ਹੀ ਮਾਤਾ ਗੁਜਰੀ ਤੇ ਦੋਨੇਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਲੈ ਗਏ।
ਉਨ੍ਹਾਂ ਦੀ ਇਸ ਯਾਦ ਵਿੱਚ ਇੱਥੇ ਇਹ ਗੁਰਦੁਆਰਾ ਕੋਤਵਾਲੀ ਸਾਹਿਬ ਉਸਾਰਿਆ ਗਿਆ। ਇਸ ਗੁਰਦੁਆਰਾ ਸਾਹਿਬ ਵਿੱਚ ਦੂਰੋਂ-ਦੂਰੋਂ ਸੰਗਤ ਆ ਕੇ ਮੱਥਾ ਟੇਕਦੀ ਹੈ। ਨਾਲ ਹੀ, ਬੱਚਿਆਂ ਨੂੰ ਇਸ ਥਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਇਹ ਵੀ ਪੜ੍ਹੋ: No Driver in Fire Department : ਪੰਜਾਬ ਸਰਕਾਰ ਵੱਲੋਂ ਭੇਜੀਆਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਲੋਕਾਂ ਦੀ ਮਦਦ ਕਰਨ 'ਚ ਅਸਮਰਥ !