ਰੂਪਨਗਰ : ਕੋਰੋਨਾ ਵਾਇਰਸ ਕਾਰਨ ਜਾਰੀ ਲੌਕਡਾਊਨ ਦੌਰਾਨ ਕਈ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਰੂਪਨਗਰ ਦੇ ਪਿੰਡ ਟੱਪਰੀਆਂ ਤੋਂ ਸਾਹਮਣੇ ਆਇਆ ਹੈ।
ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਪਿੰਡ ਟੱਪਰੀਆਂ 'ਚ ਦਵਿੰਦਰ ਸਿੰਘ ਨਾਂਅ ਦਾ ਇੱਕ ਦਿਵਿਆਂਗ ਵਿਅਕਤੀ ਲੌਕਡਾਊਨ ਦੌਰਾਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦਵਿੰਦਰ ਨੇ ਦੱਸਿਆ ਕਿ ਉਹ ਗੁਰਦੇ ਦੀ ਬਿਮਾਰੀ ਨਾਲ ਲੜ ਰਿਹਾ ਹੈ।
ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਚਲਦੇ ਉਹ ਆਪਣਾ ਇਲਾਜ ਨਹੀਂ ਕਰਵਾ ਪਾ ਰਿਹਾ। ਉਸ ਨੇ ਦੱਸਿਆ ਕੁੱਝ ਸਾਲ ਪਹਿਲਾਂ ਉਸ ਨੂੰ ਸੜਕ ਹਾਦਸੇ 'ਚ ਆਪਣੀ ਲੱਤ ਗੁਆਉਣੀ ਪਈ ਜਿਸ ਤੋਂ ਬਾਅਦ ਉਹ ਬਿਮਾਰ ਰਹਿਣ ਲੱਗਾ। ਉਸ ਨੇ ਦੱਸਿਆ ਕਿ ਇਲਾਜ ਲਈ ਪ੍ਰਸ਼ਾਸਨ ਤੋਂ ਮਦਦ ਲੈਣ ਲਈ ਉਹ ਕਈ ਵਾਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਆ ਚੁੱਕਾ ਹੈ।
ਦਵਿੰਦਰ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਦੋਵੇਂ ਗੁਰਦੇ ਖ਼ਰਾਬ ਹੋ ਚੁੱਕੇ ਹਨ। ਇਲਾਜ ਦੇ ਦੌਰਾਨ ਸਰਕਾਰੀ ਹਸਤਾਲ 'ਚ ਦਵਿੰਦਰ ਦਾ ਡਾਇਲਸਿਸ ਤਾਂ ਮੁਫ਼ਤ ਹੋ ਜਾਂਦਾ ਹੈ ਪਰ ਦਿਨ-ਬ-ਦਿਨ ਉਸ ਦੀ ਹਾਲਤ ਵਿਗੜ ਰਹੀ ਹੈ।
ਡਾਕਟਰਾਂ ਮੁਤਾਬਕ ਇਲਾਜ ਦੇ ਦੌਰਾਨ ਦਵਿੰਦਰ ਦੇ ਇਲਾਜ ਲਈ ਉਸ ਦੀ ਬਾਂਹ ਉੱਤੇ ਇੱਕ ਡੱਬੀ ਲਗਾਈ ਜਾਵੇਗੀ ਤੇ ਇਸ 'ਚ ਤਕਰੀਬਨ ਪੰਜਾਹ ਹਜ਼ਾਰ ਰੁਪਏ ਦਾ ਖ਼ਰਚ ਆਵੇਗਾ। ਦਵਿੰਦਰ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਕੋਲ ਲੌਕਡਾਨ ਦੇ ਚਲਦੇ ਕੋਈ ਕੰਮ ਨਹੀਂ ਹੈ ਅਤੇ ਨਾਂ ਹੀ ਉਹ ਆਰਥਿਕ ਪੱਖੋਂ ਇਨ੍ਹੇ ਮਜਬੂਤ ਹਨ ਕਿ ਉਹ ਉਸ ਦਾ ਇਲਾਜ ਕਰਵਾ ਸਕਣ। ਇਸ ਲੋੜਵੰਦ ਦੰਪਤੀ ਨੇ ਈਟੀਵੀ ਭਾਰਤ ਰਾਹੀਂ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਜਲਦ ਤੋਂ ਜਲਦ ਦਵਿੰਦਰ ਦਾ ਇਲਾਜ ਹੋ ਸਕੇ। ਉਮੀਦ ਹੈ ਕਿ ਇਸ ਖ਼ਬਰ ਨੂੰ ਵੇਖਣ ਤੋਂ ਬਾਅਦ ਕੁੱਝ ਲੋਕ ਦਵਿੰਦਰ ਦੀ ਮਦਦ ਕਰਨਗੇ।