ਰੋਪੜ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਖਾਂ ਦੇ ਦਾਨ ਸੰਬੰਧੀ ਪੰਦਰਵਾੜੇ ਅਤੇ ਸਿਵਲ ਹਸਪਤਾਲ ਰੂਪਨਗਰ ਵਿੱਚ ਜਨ ਅੋਸ਼ਧੀ ਕੇਂਦਰ ਦਾ ਉਦਘਾਟਨ ਕੀਤਾ। 8 ਸਤੰਬਰ ਤੱਕ ਮਨਾਏ ਜਾਣ ਵਾਲੇ ਅੱਖਾਂ ਦੇ ਦਾਨ ਸੰਬੰਧੀ ਪੰਦਰਵਾੜੇ ਦਾ ਰਾਜ ਪੱਧਰੀ ਸਮਾਗਮ ਸਿਵਲ ਹਸਪਤਾਲ ਵਿੱਚ ਆਯੋਜਿਤ ਕੀਤਾ ਗਿਆ ਹੈ। ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਕੋਰਨੀਅਲ ਬਲਾਇੰਡਨੈਸ ਕਰਕੇ 10 ਲੱਖ ਲੋਕ ਦੋਵਾਂ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਹਨ, ਜਦਕਿ 68 ਲੱਖ ਲੋਕਾਂ ਦੀ 1 ਅੱਖ ਇਸ ਰੋਗ ਤੋਂ ਪ੍ਰਭਾਵਿਤ ਹੈ।
ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈਸ ਐਂਡ ਵਿਜੂਅਲ ਇੰਮਪੇਅਰਮੈਂਟ, ਅਧੀਨ ਪੰਜਾਬ ਰਾਜ ਨੂੰ ਕੌਰਨੀਅਲ ਬਲਾਂਇੰਡਨੈਸ ਬੈਕਲਾਗ ਫਰੀ ਸਟੇਟ ਕਰਨ ਦਾ ਉਪਰਾਲਾ ਸਾਲ 2015 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਮੁਹਿੰਮ ਅਧੀਨ ਰਾਜ ਵਿੱਚ ਕੌਰਨੀਅਲ ਬਲਾਂਇੰਡਲੈਸ ਤੋਂ ਪੀੜਤ ਦੇ ਮਰੀਜਾਂ ਦੀ ਪਛਾਣ ਕੀਤੀ ਗਈ। ਦੋਵੇਂ ਅੱਖਾਂ ਵਿੱਚ ਇਸ ਰੋਗ ਤੋਂ ਪੀੜਤ ਮਰੀਜਾਂ ਦੇ ਪੁਟਲੀ ਬਦਲਣ ਦੇ ਮੁਫਤ ਅਪਰੇਸ਼ਨ ਕਰਵਾਉਣੇ ਸ਼ੁਰੂ ਕੀਤੇ ਗਏ ਸਨ।
ਇਸ ਉਪਰਾਲੇ ਵਿੱਚ ਉਘੇ ਪ੍ਰਾਈਵੇਟ ਆਈ ਸਰਜਨ, ਸਵੈ-ਸੇਵੀ ਸੰਸਥਾਵਾਂ ਅਤੇ ਪੀ.ਜੀ.ਆਈ. ਚੰਡੀਗੜ੍ਹ ਵੱਲੋਂ ਪ੍ਰਭੂਰ ਸਹਿਯੋਗ ਦਿੱਤਾ ਗਿਆ, ਜਿਸ ਸਦਕਾ ਸਾਲ 2018 ਵਿੱਚ ਪੰਜਾਬ ਰਾਜ ਨੂੰ ਪੂਰੀ ਤਰ੍ਹਾਂ ਕੌਰਨੀਅਲ ਬਲਾਂਇੰਡਨੈਸ ਬੈਕਲਾਗ ਫਰੀ ਸਟੇਟ ਘੋਸ਼ਿਤ ਕੀਤਾ ਗਿਆ ਹੈ, ਕਿਉਂ ਜੋ ਪੰਜਾਬ ਵਿੱਚ ਕੋਈ ਵੀ ਪੁਰਾਣਾ ਕੌਰਨੀਅਲ ਬਲਾਂਇੰਡ ਮਰੀਜ ਨਹੀਂ ਪਾਇਆ ਗਿਆ।
ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਵੱਲੋਂ ਆਪਣੇ ਸੂਬੇ ਨੂੰ ਕੌਰਨੀਅਲ ਬਲਾਂਇੰਡਨੈਸ ਬੈਕਲਾਗ ਫਰੀ ਸਟੇਟ ਘੋਸ਼ਿਤ ਕਰਨ ਦਾ ਉਦਮ ਕੀਤਾ ਗਿਆ ਹੈ। ਇਸ ਮੁਹਿੰਮ ਦੌਰਾਨ ਰਾਜ ਵਿੱਚ ਹੁਣ ਤੱਕ 3185 ਕਰੈਟੋਪਲਾਸਟੀ ਅਪਰੇਸ਼ਨ ਸਫਲਤਾ ਨਾਲ ਕੀਤੇ ਜਾ ਚੁੱਕੇ ਹਨ। ਇਸ ਮੰਤਵ ਲਈ ਪੰਜਾਬ ਰਾਜ ਵਿੱਚ ਤਿੰਨੋਂ ਸਰਕਾਰੀ ਮੈਡੀਕਲ ਕਾਲਜ ਤੋਂ ਇਲਾਵਾ 16 ਪ੍ਰਾਈਵੇਟ ਸੰਸਥਾਵਾਂ ਵਿੱਚ ਆਈ ਬੈਂਕ ਅਤੇ ਪੁਤਲੀ ਬਦਲਣ ਦੇ ਅਪਰੇਸ਼ਨ ਕਰਨ ਦੀ ਸੁਵਿਧਾ ਉਪਲਬੱਧ ਹੈ। ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਾਲ 2018 ਵਿੱਚ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿੱਚ ਸਿਹਤ ਵਿਭਾਗ ਵੱਲੋਂ ਕਰੈਟੋਪਲਾਸਟੀ (ਪੁਤਲੀ ਬਦਲਣ) ਸੈਂਟਰ ਸਥਾਪਿਤ ਕੀਤਾ ਗਿਆ ਹੈ।
ਇਸ ਮੁਹਿੰਮ ਨੂੰ ਸਫ਼ਲ ਬਨਾਉਣ ਲਈ ਵੱਧ ਤੋਂ ਵੱਧ ਲੋਕਾਂ ਵਿੱਚ ਮਰਨ ਤੋਂ ਬਾਅਦ ਅੱਖਾਂ ਦਾਨ ਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ। ਭਾਰਤ ਸਰਕਾਰ ਦੁਆਰਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਅੱਖ ਦਾਨ ਸਬੰਧੀ ਪੰਦਰਵਾੜਾ ਮਨਾਇਆ ਜਾਂਦਾ ਹੈ। ਇਸ ਪੰਦਰਵਾੜੇ ਨੂੰ ਪੰਜਾਬ ਰਾਜ ਵਿੱਚ ਵਿਆਪਕ ਰੂਪ ਵਿੱਚ ਮਨਾਇਆ ਜਾਣਾ ਹੈ। ਇਸ ਸਾਲ ਮਿਤੀ 20 ਅਗਸਤ ਤੋਂ ਹੀ ਤਿਆਰੀਆਂ ਆਰੰਭ ਕੀਤੀਆਂ ਗਈਆਂ ਹਨ, ਜਿਸ ਤਹਿਤ ਵਿਸ਼ੇਸ਼ ਸਕਰੀਨਿੰਗ ਕੈਂਪ ਲਗਾ ਕੇ ਕੌਰਨੀਅਲ ਨੇਤਰਹੀਣ ਮਰੀਜਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਜਨ-ਔਸ਼ਧੀ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਹ ਕੇਂਦਰ ਰੋਗੀ ਕਲਿਆਣ ਸਮਿਤੀ ਦੇ ਸਹਿਯੋਗ ਸਦਕਾ ਲੋੜਵੰਦ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਕਿਸਮ ਦੀਆਂ ਦਵਾਈਆਂ ਦੀ ਸਹੂਲਤ ਉਪਲੱਬਧ ਕਰਵਾਏਗਾ। ਸਿਹਤ ਮੰਤਰੀ ਨੇ ਇਸ ਮੋਕੇ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਵੈਨ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਪੰਜਾਬ ਦੇ ਸਾਰੇ ਜਿਲ੍ਹਿਆਂ ਦਾ ਦੌਰਾ ਕਰੇਗੀ। ਨੁੱਕੜ ਨਾਟਕ, ਜਾਗਰੂਕਤਾ ਰੈਲੀਆਂ, ਪੋਸਟਰਾਂ ਅਤੇ ਬੈਨਰਾਂ ਵਰਗੀਆਂ ਆਈ.ਈ.ਸੀ. ਗਤੀਵਿਧੀਆਂ ਰਾਹੀਂ ਅੱਖਾਂ ਦਾਨ ਕਰਨ ਲਈ ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਐਨ.ਪੀ.ਸੀ.ਬੀ. ਅਧੀਨ ਸਕੂਲੀ ਬੱਚਿਆਂ ਅਤੇ ਬਜੁਰਗਾਂ ਨੂੰ ਮੁਫਤ ਐਨਕਾਂ ਵੀ ਤਕਸੀਮ ਕੀਤੀਆਂ।
ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਪੀ.ਸੀ.ਬੀ ਐਂਡ ਵੀ.ਆਈ. ਪ੍ਰੋਗਰਾਮ ਅਧੀਨ ਮਨਾਏ ਜਾਣ ਵਾਲੇ ਇਸ ਪੰਦਰਵਾੜੇ ਦੌਰਾਨ ਮਰੀਜਾਂ ਨੂੰ ਅੱਖਾਂ ਦੇ ਰੋਗਾਂ ਅਤੇ ਉਨ੍ਹਾਂ ਦੇ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਪੰਦਰਵਾੜੇ ਦੌਰਾਨ ਕਰੈਟੋਪਲਾਸਟੀ ਅਤੇ ਕੈਟਾਰੈਕਟ ਦੇ ਮਰੀਜਾਂ ਨੂੰ ਉਚੇਚੇ ਤੌਰ 'ਤੇ ਸਕਰੀਨ ਕੀਤਾ ਜਾਵੇਗਾ।