ਰੂਪਨਗਰ: ਨੰਗਲ ਵਿਖੇ ਚੱਲ ਰਹੇ ਇਕ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਉੱਤੇ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਕਾਰਵਾਈ ਸਿਹਤ ਵਿਭਾਗ ਨੇ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਦੱਸ ਦਈਏ ਕਿ ਉੱਚ ਅਧਿਕਾਰੀ ਤੇ ਨੰਗਲ ਸਿਵਲ ਹਸਪਤਾਲ ਦੇ ਐਸਐਮਓ ਸਮੇਤ ਪੁਲੀਸ ਅਧਿਕਾਰੀਆਂ ਨੇ ਇਸ ਉਕਤ ਨਸ਼ਾ ਛੁਡਾਊ ਕੇਂਦਰ ਤੇ ਰੇਡ ਮਾਰੀ ਅਤੇ ਉਕਤ ਸਥਾਨ ਦੀ ਵੀਡੀਓਗ੍ਰਾਫੀ ਵੀ ਕੀਤੀ l
ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ ਮੌਕੇ ’ਤੇ ਮੌਜੂਦ ਕੋਈ ਵੀ ਵਿਅਕਤੀ ਇਸ ਨਸ਼ਾ ਛੁਡਾਊ ਕੇਂਦਰ ਦੇ ਕਾਨੂੰਨੀ ਰੂਪ ਚੱਲਣ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ ਅਤੇ ਨਾ ਹੀ ਇਸ ਸਬੰਧੀ ਪਹਿਲਾਂ ਐਸਐਮਓ ਨੰਗਲ ਜਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੋਈ ਦਸਤਾਵੇਜ਼ੀ ਜਾਣਕਾਰੀ ਇਸ ਸੈਂਟਰ ਨੂੰ ਚਲਾਉਣ ਵਾਲਿਆਂ ਵੱਲੋਂ ਮੁਹੱਈਆ ਕਰਵਾਈ ਗਈ ਹੈ।
ਮੌਕੇ ਤੇ ਪੁੱਜੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਇਸ ਪੂਰੇ ਸੈਂਟਰ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ ਅਤੇ ਜਿਹੜੇ ਲੋਕ ਇਸ ਸੈਂਟਰ ਦੇ ਵਿੱਚ ਦਾਖ਼ਲ ਸਨ ਉਨ੍ਹਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਹਨ ਤੇ ਹੁਣ ਪੂਰਾ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਇਸ ਸੈਂਟਰ ਨੂੰ ਚਲਾਉਣ ਵਾਲੇ ਲੋਕਾਂ ਦੇ ਖ਼ਿਲਾਫ਼ ਕੀਤੀ ਜਾਵੇਗੀ l
ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਇਕ ਔਰਤ ਦੇ ਵੱਲੋਂ ਉੱਚ ਅਧਿਕਾਰੀਆਂ ਨੂੰ ਇਕ ਸ਼ਿਕਾਇਤ ਕੀਤੀ ਗਈ ਸੀ ਜਿਸ ਵਿੱਚ ਔਰਤ ਨੇ ਲਿਖਿਆ ਸੀ ਕਿ ਉਸ ਦਾ ਪਤੀ ਇਸ ਸੈਂਟਰ ਦੇ ਵਿੱਚ ਦਾਖ਼ਲ ਹੈ ਤੇ ਇਸ ਸੈਂਟਰ ਨੂੰ ਚਲਾਉਣ ਵਾਲੇ ਲੋਕ ਉਸ ਨੂੰ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੰਦੇ। ਜਿਸ ਲਈ ਇਸ ਔਰਤ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਸੀ ਕਿ ਇਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ ਜਿਸ ਨੂੰ ਲੈ ਕੇ ਅੱਜ ਇਹ ਰੇਡ ਮਾਰੀ ਗਈ ਹੈ।
ਇਹ ਵੀ ਪੜੋ: ਹਰਸਿਮਰਤ ਬਾਦਲ ਨੇ ਮਾਨਸਾ ਦੌਰੇ ਦੌਰਾਨ ਮਾਨ ਸਰਕਾਰ ਉੱਤੇ ਸਾਧੇ ਨਿਸ਼ਾਨੇ