ਰੂਪਨਗਰ : ਸੂਬੇ ਵਿਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਹਾਦਸਿਆਂ ਵਿਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਬੈਠਦੇ ਹਨ। ਤੇਜ਼ ਰਫਤਾਰ ਜਾਂ ਡਰਾਈਵਿੰਗ ਕਰਦਿਆਂ ਅਣਗਹਿਲੀਆਂ ਵੱਡੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸ੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਬਜਰੀ ਦਾ ਭਰਿਆ ਟਰੱਕ ਪਲਟ ਗਿਆ। ਸ਼ਹਿਰ ਦੇ ਸਥਾਨਕ ਬਾਜ਼ਾਰ ਚੌਕ ਵਿੱਚ ਦੁਕਾਨਾਂ ਦੇ ਅੱਗੇ ਬਜਰੀ ਦਾ ਭਰਿਆ ਟਿੱਪਰ ਪਲਟ ਗਿਆ। ਹਾਲਾਂਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਚਾਰ ਦੁਕਾਨਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਵਿਚੋਂ ਇੱਕ ਮੈਡੀਕਲ ਸਟੋਰ ਅਤੇ ਇੱਕ ਖਾਦ ਦੀ ਦੁਕਾਨ ਦਾ ਵੱਧ ਨੁਕਸਾਨ ਹੋਇਆ ਹੈ। ਟਰੱਕ ਪਲਟਣ ਨਾਲ ਨਜ਼ਦੀਕ ਦੁਕਾਨਾਂ ਵਿਚ ਬਜਰੀ ਗਈ। ਜਾਣਕਾਰੀ ਅਨੁਸਾਰ ਖਾਦ ਤੇ ਮੈਡੀਕਲ ਸਟੋਰ ਦੇ ਸ਼ੀਸ਼ੇ ਟੁੱਟ ਗਏ ਤੇ ਅੰਦਰ ਪਿਆ ਸਾਮਾਨ ਵੀ ਪ੍ਰਭਾਵਿਤ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : Invest Punjab Summit: ਇਨਵੈਸਟ ਪੰਜਾਬ ਸਮਿਟ ਦੀ ਅੱਜ ਤੋਂ ਸ਼ੁਰੂਆਤ, 2.43 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ ਸਾਢੇ 10 ਵਜੇ ਇਕ ਬਜਰੀ ਨਾਲ ਭਰਿਆ ਟਰੱਕ ਸ੍ਰੀ ਚਮਕੌਰ ਸਾਹਿਬ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਨਜ਼ਦੀਕ ਖੜ੍ਹੇ ਲੋਕਾਂ ਨੇ ਆਪਣੀ ਜਾਨ ਬਚਾਈ। ਹਾਦਸੇ ਵਿਚ ਚਾਰ ਦੁਕਾਨਾਂ ਦਾ ਨੁਕਸਾਨ ਹੋਇਆ ਹੈ, ਜਿਨ੍ਹਾਂ ਵਿਚ ਇਕ ਮੈਡੀਕਲ ਦੀ ਦੁਕਾਨ, ਇਕ ਖਾਦ ਤੇ ਦੋ ਹੋਰ ਦੁਕਾਨਾਂ ਸ਼ਾਮਲ ਹਨ। ਹਾਲਾਂਕਿ ਮੈਡੀਕਲ ਤੇ ਖਾਦ ਦੀ ਦੁਕਾਨ ਵਾਲੇ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਮੈਡੀਕਲ ਸਟੋਰ ਦੇ ਸ਼ੀਸ਼ੇ ਟੁੱਟ ਗਏ ਤੇ ਅੰਦਰ ਪਿਆ ਸਾਮਾਨ ਨੁਕਸਾਨਿਆ ਗਿਆ। ਖਾਦ ਵਾਲੀ ਦੁਕਾਨ ਵਿਚ ਜ਼ਿਆਦਾ ਬਜਰੀ ਜਾਣ ਕਾਰਨ ਉਸ ਦੀਆਂ ਬੋਰੀਆਂ ਹੇਠਾਂ ਦੱਬ ਗਈਆਂ ਹਨ।
ਇਹ ਵੀ ਪੜ੍ਹੋ : Amritpal Singh Warning police: ਅੰਮ੍ਰਿਤਪਾਲ ਸਿੰਘ ਦੀ ਪੁਲਿਸ ਨੂੰ ਚਿਤਾਵਨੀ, ਪਰਚੇ ਰੱਦ ਨਾ ਹੋਏ ਜਥੇਬੰਦੀ ਆਪਣੇ ਹਿਸਾਬ ਨਾਲ ਲੱਭੇਗੀ ਹੱਲ
ਕਮਾਲਪੁਰ ਟੋਲ ਪਲਾਜ਼ੇ ਕਾਰਨ ਟਰੱਕਾਂ-ਟਿੱਪਰਾਂ ਦੀ ਆਵਾਜਾਈ ਵਧੀ : ਇਸ ਮੌਕੇ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਰੋਪੜ ਨੀਲੋਂ ਮਾਰਗ ਤੇ ਪਿੰਡ ਕਮਾਲਪੁਰ ਕੋਲ ਲੱਗੇ ਟੋਲ ਪਲਾਜ਼ੇ ਕਾਰਨ ਹਿਮਾਚਲ ਪ੍ਰਦੇਸ਼ ਤੋਂ ਅਤੇ ਭਰਤਗੜ੍ਹ ਵਾਲੇ ਪਾਸੇ ਤੋਂ ਬਜਰੀ ਰੇਤੇ ਦੇ ਓਵਰਲੋਡ ਟਰੱਕ ਟਿੱਪਰਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ, ਜਿਸ ਕਰਕੇ ਬੇਲਾ ਤੋਂ ਰੋਪੜ ਤੱਕ ਕਰੀਬ 15 ਕਿਲੋਮੀਟਰ ਦੇ ਏਰੀਏ ਵਿੱਚ ਰੋਜ਼ਾਨਾ ਹਾਦਸੇ ਵਾਪਰਦੇ ਹਨ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਰੋਪੜ ਤੋਂ ਲੁਧਿਆਣੇ ਆਉਣ ਜਾਣ ਵਾਲੇ ਵੱਡੇ ਵਾਹਨਾਂ ਤੇ ਬੇਲਾ ਵੱਲੋਂ ਲੰਘਣ ਉਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹਾਲਾਂਕਿ ਇਲਾਕਾ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਇਸ ਸਬੰਧੀ ਕਈ ਸ਼ਿਕਾਇਤਾਂ ਅਧਿਕਾਰੀਆਂ ਨੂੰ ਦੇ ਚੁੱਕੇ ਹਾਂ ਪਰ ਕੋਈ ਵੀ ਢੁੱਕਵਾਂ ਹੱਲ ਨਹੀਂ ਹੋਇਆ।