ਰੂਪਨਗਰ: ਪੰਜਾਬ ਸਰਕਾਰ ਵੱਲੋਂ ਪ੍ਰੈੱਸ ਨੋਟ ਜਾਰੀ ਕਰ ਇਹ ਐਲਾਨ ਕੀਤਾ ਗਿਆ ਸੀ ਕਿ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ। ਪਰ ਕਣਕ ਦੀ ਖਰੀਦ ਦੀਆਂ ਤਿਆਰੀਆਂ ਲਈ ਆੜ੍ਹਤੀਆਂ ਨੂੰ ਅਜੇ ਤੱਕ ਕੋਈ ਵੀ ਕਰਫਿਊ ਪਾਸ ਨਹੀਂ ਮਿਲੇ। ਆੜ੍ਹਤੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਕਰਫਿਊ ਪਾਸ ਜਾਰੀ ਕਰੇ ਤਾਂ ਜੋ ਉਹ ਲੇਬਰ ਨੂੰ ਲੱਭ ਕੇ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ ਕਰਨ।
ਸਰਕਾਰੀ ਹੁਕਮਾਂ ਮੁਤਾਬਕ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਅਤੇ ਆੜ੍ਹਤੀਆਂ ਨੇ ਕਣਕ ਦੀ ਖਰੀਦ ਤੋਂ ਪਹਿਲਾਂ ਮੰਡੀਆਂ ਵਿੱਚ ਕਈ ਤਿਆਰੀਆਂ ਕਰਨੀਆਂ ਹੁੰਦੀਆਂ ਹਨ ਜਿਸ ਵਿੱਚ ਪ੍ਰਮੁੱਖ ਰੂਪ ਦੇ ਵਿੱਚ ਲੇਬਰ ਦਾ ਇੰਤਜ਼ਾਮ ਕਰਨਾ ਹੈ। ਕਣਕ ਨੂੰ ਸਾਫ਼ ਕਰਨ ਵਾਲੀਆਂ ਮਸ਼ੀਨਾਂ ਦੀ ਮੁਰੰਮਤ ਕਰਨਾ ਅਤੇ ਅਨੇਕਾਂ ਪ੍ਰਬੰਧ ਹਨ ਜੋ ਕਿ ਆੜ੍ਹਤੀਆਂ ਨੂੰ ਪਹਿਲਾਂ ਕਰਨੇ ਜ਼ਰੂਰੀ ਹੁੰਦੇ ਹਨ
ਇਸ ਸਬੰਧੀ ਕਣਕ ਦੀ ਖਰੀਦ ਮੰਡੀ ਦੇ ਆੜ੍ਹਤੀ ਸੁਤੰਤਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਫੜ੍ਹਾਂ ਦੀ ਸਫ਼ਾਈ ਕਰਾ ਕੇ ਉਸ ਤੇ ਨਿਸ਼ਾਨਦੇਹੀ ਕਰ ਦਿੱਤੀ ਹੈ ਤਾਂ ਜੋ ਕਣਕ ਦੀ ਖਰੀਦ ਦੌਰਾਨ ਸਮਾਜਕ ਦੂਰੀ ਕਾਇਮ ਰੱਖੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਕਣਕ ਦੀ ਸਫ਼ਾਈ ਕਰਨ ਵਾਸਤੇ ਵਰਤੀ ਜਾਣ ਵਾਲੀ ਮਸ਼ੀਨ ਜਿਸ ਵਿੱਚ ਪਹਿਲਾਂ ਧਾਨ ਵਾਲੀਆਂ ਜਾਲੀਆਂ ਲੱਗੀਆਂ ਹੋਈਆਂ ਹਨ ਉਹ ਵੀ ਬਦਲਣੀਆਂ ਹਨ ਅਤੇ ਇਹ ਲੇਬਰ ਨਾਲ ਹੀ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪੱਕੀਆਂ ਲੇਬਰ ਆ ਨਹੀਂ ਰਹੀਆਂ ਇਸ ਕਰਕੇ ਉਨ੍ਹਾਂ ਨੂੰ ਹੁਣ ਨਵੀਂ ਲੇਬਰ ਲੱਭਣ ਵਾਸਤੇ ਕਰਫਿਊ ਪਾਸ ਦੀ ਜ਼ਰੂਰਤ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿਹਾ ਕਿ ਜੇ ਸਾਨੂੰ ਕਰਫਿਊ ਪਾਸ ਜਾਰੀ ਕੀਤੇ ਜਾਣਗੇ ਤਾਂ ਹੀ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਰੇ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਸਕਣਗੇ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖ਼ਰੀਦ ਕਰ ਸਕਣਗੇ।