ਰੂਪਨਗਰ: ਸਰਕਾਰੀ ਟੀਚਰ ਯੂਨੀਅਨ ਦੇ ਸੱਦੇ 'ਤੇ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਸਰਕਾਰੀ ਅਧਿਆਪਕਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ।
ਅਧਿਆਪਕਾਂ ਨੇ ਦੋਸ਼ ਲਾਇਆ ਹੈ ਕਿ ਸਿੱਖਿਆ ਮਹਿਕਮਾ ਉਨ੍ਹਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ 'ਤੇ ਬਦਲਾ ਲਊ ਭਾਵਨਾ ਦੇ ਤਹਿਤ ਮਨਘੜੰਤ ਦੋਸ਼ ਸੂਚੀ ਜਾਰੀ ਕਰ ਉਨ੍ਹਾਂ ਖਿਲਾਫ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਮੇਂ ਸਮੇਂ 'ਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਵਾਸਤੇ ਸਰਕਾਰ ਦੇ ਵਿਰੁੱਧ ਆਵਾਜ਼ ਚੁੱਕਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਯੂਨੀਅਨ ਦੇ ਪ੍ਰਮੁੱਖ ਅਧਿਆਪਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਦੇ ਵਿਰੁੱਧ ਝੂਠੇ ਮੁਕੱਦਮੇ ਪੁਲਿਸ ਵੱਲੋਂ ਦਰਜ ਕੀਤੇ ਜਾ ਰਹੇ ਹਨ।
ਗੁਰਬਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਸਰਕਾਰੀ ਟੀਚਰ ਯੂਨੀਅਨ ਸੱਦੇ 'ਤੇ ਉਨ੍ਹਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਿੱਖਿਆ ਮਹਿਕਮੇ ਦਾ ਸਕੱਤਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਪਿੱਛੇ ਛੱਡ ਕੇ ਯੂਨੀਅਨ ਦੇ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜੋ ਅਧਿਆਪਕ ਵਰਗ ਆਪਣੀਆਂ ਮੰਗਾਂ ਵਾਸਤੇ ਆਵਾਜ਼ ਚੁੱਕਦਾ ਹੈ ਉਨ੍ਹਾਂ ਨੂੰ ਦਬਾਉਣ ਵਾਸਤੇ ਉਨ੍ਹਾਂ ਦੇ ਵਿਰੁੱਧ ਜਾਣ ਬੁੱਝ ਕੇ ਵਿਭਾਗੀ ਕਾਰਵਾਈ ਕਰ ਰਹੇ ਹਨ।
ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਅਧਿਆਪਕ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਦੇ ਹਨ ਪਰ ਜਦੋਂ ਇਹ ਅਧਿਆਪਕ ਆਪਣੀ ਹੱਕੀ ਮੰਗਾਂ ਲਈ ਆਵਾਜ਼ ਚੁੱਕਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ।