ਰੂਪਨਗਰ: ਇੱਕ ਸਮਾਂ ਸੀ ਜਦੋਂ ਲੋਕ ਘਰਾਟ ਦਾ ਪੀਸਿਆ ਹੋਇਆ ਆਟਾ ਖਾਣਾ ਪਸੰਦ ਕਰਦੇ ਸੀ, ਪਰ ਅਜੋਕੀ ਜ਼ਿੰਦਗੀ ਦੇ ਦੌਰ ਵਿੱਚ ਹੁਣ ਪੁਰਾਣੇ ਸਮੇਂ ਦੇ ਸਤਲੁਜ ਦਰਿਆ ਦੇ ਕੰਡੇ ਚੱਲਣ ਵਾਲਾ ਇਹ ਘਰਾਟ ਅਲੋਪ ਹੋਣ ਦੀ ਕਗਾਰ 'ਤੇ ਹੈ। ਪਰ, ਫਿਰ ਵੀ ਕੁਝ ਲੋਕ ਇਨ੍ਹਾਂ ਘਰਾਟਾਂ ਦਾ ਪੀਸਿਆ ਹੋਇਆ ਆਟਾ ਖਾਣਾ ਪਸੰਦ ਕਰਦੇ ਹਨ। ਪਹਿਲਾਂ ਸਤਲੁਜ ਦਰਿਆ ਦੇ ਕੰਡੇ ਚੱਲ ਰਹੇ ਘਰਾਟਾਂ ਦੀ ਆਵਾਜ਼ ਹਰ ਵੇਲ੍ਹੇ ਗੂੰਜਦੀ ਸੀ, ਪਰ ਹੁਣ ਸਤਲੁਜ ਦਰਿਆ ਦੇ ਕੰਡੇ ਸਿਰਫ ਕੁਝ ਕੁ ਘਰਾਟ ਹੀ ਰਹਿ ਗਏ ਹਨ। ਇਹ ਘਰਾਟ ਸਿਰਫ ਸਤਲੁਜ ਦਰਿਆ ਦੇ ਪਾਣੀ ਕਾਰਨ ਹੀ ਚੱਲਦੇ ਹਨ, ਇਸ ਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਵੀ ਨਹੀਂ ਹੈ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਤਾਂ ਇਹ ਸ਼ਬਦ ਕਦੇ ਸੁਣਿਆ ਹੀ ਨਹੀਂ ਹੋਵੇਗਾ।
35-40 ਘਰਾਟ ਲੱਗੇ ਸੀ, ਪਰ ਹੁਣ 4-5 ਗਿਣਤੀ ਹੀ ਬਚੀ: ਪਿਛਲੇ ਤਿੰਨ ਪੀੜ੍ਹੀਆਂ ਤੋਂ ਇਹ ਕੰਮ ਕਰਦੇ ਆ ਰਹੇ ਜੈਰਾਮ ਨੇ ਦੱਸਿਆ ਕਿ ਸਾਨੂੰ ਜ਼ਿੰਮੀਦਾਰਾਂ ਵਲੋਂ ਵੀ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਵਾਰ ਹੜ੍ਹ ਨਾਲ ਉਨ੍ਹਾਂ ਦੇ ਭਾਂਡੇ ਵੀ ਰੁੜ੍ਹ ਗਏ ਹਨ। ਉਨ੍ਹਾਂ ਦੱਸਿਆ ਕਿ 35-40 ਘਰਾਟ ਲੱਗੇ ਹੋਏ ਸੀ, ਪਰ ਹੁਣ ਮਹਿਜ਼ 4-5 ਰਹਿ ਗਏ ਹਨ। ਘਰਾਟ ਨੂੰ ਚਲਾਉਣ ਦੀ ਬਿਜਲੀ ਦੀ ਲੋੜ ਵੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਾਡੇ ਘਰਾਟ ਵੀ ਰੁੜ੍ਹ ਗਏ, ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਨਹੀਂ ਪਹੁੰਚਿਆਂ। ਹਰ ਸਾਲ ਨੁਕਸਾਨ ਹੁੰਦਾ ਹੈ, ਪਰ ਕਦੇ ਵੀ ਸਰਕਾਰ ਵਲੋਂ ਮਾਲੀ ਸਹਾਇਤਾ ਵੀ ਨਹੀਂ ਮਿਲਦੀ।
ਜੈਰਾਮ ਨੇ ਦੱਸਿਆ ਕਿ ਸਾਡੇ ਬੱਚੇ ਹੁਣ ਆਪਣਾ ਜੱਦੀ ਕੰਮ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਨ੍ਹਾਂ ਦੇ ਅਨੁਸਾਰ ਇਸ ਉੱਤੇ ਵਧੇਰੇ ਮਿਹਨਤ ਲੱਗਦੀ ਹੈ ਅਤੇ ਪੈਸਾ ਬਹੁਤ ਹੀ ਘੱਟ ਬਣਦਾ ਹੈ ਜਿਸ ਨਾਲ ਅਜੋਕੇ ਸਮੇਂ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ।
ਘਰਾਟ ਨਾਲ ਪੀਸੇ ਆਟੇ ਦੇ ਫਾਇਦੇ: ਹੋਰ ਸਥਾਨਕ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ 100-150 ਸਾਲ ਤੋਂ ਇਸ ਵਿਰਾਸਤ ਨੂੰ ਸੰਭਾਲ ਕੇ ਰਖਿਆ ਹੋਇਆ ਹੈ, ਪਰ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਵੀ ਮਾਲੀ ਮਦਦ ਨਹੀਂ ਦਿੱਤੀ ਜਾਂਦੀ। ਸਰਕਾਰ ਵੀ ਇਸ ਘਰਾਟ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ। ਗੱਲ ਕੀਤੀ ਜਾਵੇ ਘਰਾਟਾਂ ਦੀ ਤਾਂ ਇੱਕ ਸਮਾਂ ਸੀ ਜਦੋਂ ਲੋਕ ਘਰਾਟਾਂ ਦਾ ਪੀਸਿਆ ਹੋਇਆ ਆਟਾ ਖਾਣਾ ਪਸੰਦ ਕਰਦੇ ਸੀ। ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣ ਵਾਲੇ ਕੁਝ ਕੁ ਘਰਾਟ ਮਾਲਿਕਾਂ ਨੇ ਦੱਸਿਆ ਕਿ ਇਸ ਆਧੁਨਿਕਤਾ ਦੇ ਯੁੱਗ ਵਿਚ ਨਵੀਂ ਇਲੈਕਟ੍ਰਿਕ ਪਾਵਰ ਮਸ਼ੀਨਾਂ ਆਟਾ ਕੁਝ ਮਿੰਟਾਂ ਵਿਚ ਪੀਸਦੀਆਂ/ਤਿਆਰ ਕਰਦਿਆਂ ਹਨ, ਜਿਸ ਨਾਲ ਲੋਕਾਂ ਦੀ ਸਮੇਂ ਦੀ ਬਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਘਰਾਟ ਪੂਰੇ ਦਿਨ ਵਿੱਚ ਤਕਰੀਬਨ 50 ਕਿੱਲੋ ਆਟਾ ਹੀ ਪੀਸਦੇ ਹਨ ਅਤੇ ਇਹ ਆਟਾ ਠੰਡਾ ਹੁੰਦਾ ਹੈ, ਖਾਣ ਲਈ ਵੀ ਸਿਹਤਮੰਦ ਹੁੰਦਾ ਹੈ। ਜਦਕਿ, ਘਰਾਟ ਦਾ ਪੀਸਿਆਂ ਮੱਕੀ ਅਤੇ ਕਣਕ ਦਾ ਆਟਾ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸਤਲੁਜ ਦਰਿਆ ਦੇ ਪਾਣੀ ਨਾਲ ਘਰਾਟ ਚੱਲਦੀ ਹੈ। ਪਾਣੀ ਇੱਥੇ ਲੱਗੇ ਪੱਖੇ ਨੂੰ ਘੁੰਮਾਉਂਦਾ ਹੈ ਅਤੇ ਘਰਾਟ ਮੱਕੀ ਅਤੇ ਕਣਕ ਨੂੰ ਪੀਸਦਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਰੂਪਨਗਰ ਜ਼ਿਲ੍ਹੇ ਦੇ ਸਤਲੁਜ ਦਰਿਆ ਕੰਢੇ ਕਾਫੀ ਗਿਣਤੀ ਵਿੱਚ ਘਰਾਟ ਨੰਗਲ- ਸ੍ਰੀ ਅਨੰਦਪੁਰ- ਸ੍ਰੀ ਕੀਰਤਪੁਰ ਸਾਹਿਬ ਸਤਲੁਜ ਦੇ ਕਿਨਾਰੇ ਕਾਫੀ ਘਰਾਟ ਹੁੰਦੇ ਸੀ, ਪਰ ਹੁਣ ਇਨ੍ਹਾਂ ਦੀ ਗਿਣਤੀ ਇੱਕਾ ਦੁੱਕਾ ਹੀ ਰਹਿ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਘਰਾਟ ਵਿਰਾਸਤ ਨੂੰ ਸਾਂਭਣ ਲਈ ਅੱਗੇ ਆਵੇ।