ਰੂਪਨਗਰ: ਇਸ ਵਾਰ ਬਾਰ੍ਹਵੀਂ ਦੇ ਨਤੀਜਿਆਂ ਦੇ ਵਿੱਚ ਰੂਪਨਗਰ ਜ਼ਿਲ੍ਹੇ ਨੇ ਮੱਲਾਂ ਮਾਰੀਆਂ ਹਨ। ਸਾਇੰਸ ਵਿਸ਼ੇ ਦੇ ਵਿੱਚ ਬਾਰ੍ਹਵੀਂ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 450 ਵਿੱਚੋਂ 449 ਅੰਕ ਲੈ ਟੌਪ ਕੀਤਾ ਹੈ।
ਨਤੀਜਾ ਆਉਣ ਮਗਰੋਂ ਰੂਪਨਗਰ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਪ੍ਰਭਜੋਤ ਦੇ ਘਰ ਪਹੁੰਚੇ ਅਤੇ ਪ੍ਰਭਜੋਤ ਨੂੰ ਸਿਰੋਪਾਓ ਪਾ ਕੇ ਉਸ ਦਾ ਸਨਮਾਨ ਕੀਤਾ ਅਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਰੂਪਨਗਰ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਕਈ ਪਤਵੰਤੇ ਮੌਜੂਦ ਸਨ।
ਡਾ. ਦਲਜੀਤ ਸਿੰਘ ਚੀਮਾ ਨੇ ਪ੍ਰਭਜੋਤ ਕੌਰ ਦੇ ਇਸ ਮੁਕਾਮ ਨੂੰ ਹਾਸਲ ਕਰਨ 'ਤੇ ਉਸ ਦੇ ਪੂਰੇ ਪਰਿਵਾਰ ਨੂੰ ਅਧਿਆਪਕ ਸਾਹਿਬਾਨ ਨੂੰ ਅਤੇ ਰੂਪਨਗਰ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਚੀਮਾ ਨੇ ਕਿਹਾ ਕਿ ਪ੍ਰਭਜੋਤ ਕੌਰ ਅੱਗੇ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਪ੍ਰਮਾਤਮਾ ਉਸ ਨੂੰ ਜ਼ਰੂਰ ਕਾਮਯਾਬ ਕਰੇਗਾ।