ਰੂਪਨਗਰ: ਪੰਜਾਬ ਦੇ ਕਈ ਸ਼ਹਿਰਾਂ 'ਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ। ਉੱਖੇ ਦੂਜੇ ਪਾਸੇ ਭਾਖੜਾ ਡੈਮ ਦੇ ਫ਼ਲੱਡ ਗੇਟਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ ਜਿਸ ਕਾਰਨ ਸਤਲੁਜ ਦਰਿਆ ਤੇ ਉਸ ਦੀਆਂ ਸਾਰੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰੂਪਨਗਰ, ਜਲੰਧਰ ਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।
ਰੋਪੜ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ ਤੇ ਦਰਿਆ ਲਾਗੇ ਬਣੀਆਂ ਕਈ ਝੁੱਗੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਉੱਥੇ ਦੂਜੇ ਪਾਸੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰੋਪੜ ਹੈੱਡਵਰਕਸ ਤੋਂ 1,89,940 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਜ਼ਿਲ੍ਹੇ ਦੇ ਕੁਝ ਨੀਵੇਂ ਤੇ ਹੜ੍ਹਾਂ ਦੇ ਖ਼ਤਰੇ ਵਾਲੇ 81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਹੁਕਮ ਮੁਤਾਬਕ ਜਲੰਧਰ ਦੇ ਫ਼ਿਲੌਰ ਦੇ 13 ਤੇ ਨਕੋਦਰ ਸਬ-ਡਿਵੀਜ਼ਨ ਦੇ 5 ਪਿੰਡ, ਸ਼ਾਹਕੋਟ ਸਬ-ਡਿਵੀਜ਼ਨ ਦੇ 63 ਪਿੰਡਾਂ ਨੂੰ ਖ਼ਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹਰ ਸਥਿਤੀ 'ਤੇ ਕਾਬੂ ਪਾਉਣ ਲਈ ਫ਼ੌਜ ਤੇ ਐੱਨਡੀਆਰਐੱਫ਼ ਨਾਲ ਵੀ ਰਾਬਤਾ ਕਾਇਮ ਕਰ ਕੇ ਰੱਖਿਆ ਹੋਇਆ ਹੈ। ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਜਾ ਰਿਹਾ ਹੈ। ਰੋਪੜ ਹੈੱਡਵਰਕਸ ਵਿੱਚ ਪਾਣੀ ਦਾ ਪੱਧਰ ਹਾਲੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਕਿ ਸਵਾਂ ਤੇ ਸਿਰਸਾ ਨਦੀਆਂ ਵਿੱਚੋਂ ਪਾਣੀ ਦਾ ਤੇਜ਼ ਵਹਾਅ ਸਤਲੁਜ ਵਿੱਚ ਲਗਾਤਾਰ ਆ ਕੇ ਡਿੱਗ ਰਿਹਾ ਹੈ।