ਨੂਰਪੁਰ ਬੇਦੀ: ਫ਼ਸਲ ਦੀ ਲਿਫ਼ਟਿੰਗ ਤੇ ਬਾਰਦਾਨੇ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖ਼ੋਖਲੇ ਹੁੰਦੇ ਦਿਖਾਈ ਦੇ ਰਹੇ ਹਨ। ਇਸ ਦੀ ਉਦਹਾਰਣ ਉਦੋਂ ਸਾਹਮਣੇ ਆਈ ਜਦੋਂ ਬਲਾਕ ਨੂਰਪੁਰ ਬੇਦੀ ਦੇ ਸਿੰਘਪੁਰ ਖਰੀਦ ਕੇਂਦਰ ਵਿੱਚ ਬਾਰਦਾਨਾ ਨਾ ਆਉਣ ਤੋਂ ਦੁਖੀ ਹੋਏ ਕਿਸਾਨਾਂ, ਆੜ੍ਹਤੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਅੱਜ ਇੱਕਠੇ ਹੋ ਕੇ ਅਨਾਜ ਮੰਡੀ ਦੇ ਬਾਹਰ ਨੂਰਪੁਰ ਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਆਵਾਜਾਈ ਠੱਪ ਕਰ ਦਿੱਤੀ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ l
ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਮੰਡੀ ਵਿੱਚ ਬਾਰਦਾਨਾ ਨਹੀਂ ਆ ਰਿਹਾ। ਜਿਸ ਕਾਰਨ ਕਣਕ ਦੀ ਖ਼ਰੀਦ ਦਾ ਕੰਮ ਠੱਪ ਹੋ ਗਿਆ ਹੈ।
ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਮੰਡੀ ਵਿੱਚ ਬੈਠ ਕੇ ਦਾਣਿਆਂ ਦੀ ਰਾਖੀ ਕਰ ਰਹੇ ਹਨ। ਮੰਡੀ ਵਿੱਚ ਖਾਲੀ ਜਗ੍ਹਾ ਨਾ ਹੋਣ ਕਾਰਨ ਕਿਸਾਨਾਂ ਨੂੰ ਝੋਨਾ ਆਪਣੇ ਘਰਾਂ ਵਿੱਚ ਰੱਖਣਾ ਪੈ ਰਿਹਾ ਹੈ। ਜਦੋਂ ਮੰਡੀ ਖਾਲੀ ਹੋਵੇਗੀ ਤਾਂ ਹੀ ਘਰਾਂ ਵਿਚਲਾ ਝੋਨਾ ਮੰਡੀ ਵਿੱਚ ਲੈ ਕੇ ਆਉਣਗੇ। ਬਾਰਦਾਨੇ ਦੀ ਕਮੀ ਹੋਣ ਕਾਰਨ ਮੰਡੀ ਵਿੱਚ ਝੋਨੇ ਦੇ ਵੱਡੇ ਢੇਰ ਦਿਖਾਈ ਦੇ ਰਹੇ ਹਨ।
ਕਿਸਾਨ ਆਗੂ ਨੇ ਆਪਣਾ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਜਿਹੜੀ ਸਰਕਾਰ ਝੋਨੇ ਦੀ ਖ਼ਰੀਦ ਲਈ ਬਾਰਦਾਨੇ ਦਾ ਤਸੱਲੀਬਖ਼ਸ਼ ਪ੍ਰਬੰਧ ਨਹੀਂ ਕਰ ਸਕੀ ਤਾਂ ਉਹ ਹੋਰ ਕੀ ਰੰਗ ਲਾਵੇਗੀ।
ਇਸ ਮੌਕੇ ਧਰਨੇ ਦੌਰਾਨ ਨਾਇਬ ਤਹਿਸੀਲਦਾਰ ਹਰਿੰਦਰ ਪਾਲ ਸਿੰਘ ਅਤੇ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਬਾਰਦਾਨਾ ਪਹੁੰਚ ਜਾਵੇਗਾ ਅਤੇ ਹਰੇਕ ਸਮੱਸਿਆਵਾ ਦਾ ਹੱਲ ਕਰ ਦਿੱਤਾ ਜਾਵੇਗਾ ,ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।