ਰੂਪਨਗਰ: ਰੂਪਨਗਰ ਦੇ ਸਬ ਡਵੀਜ਼ਨ ਮੋਰਿੰਡਾ ਅਧੀਨ ਪੈਂਦੇ ਕਈ ਪਿੰਡਾਂ ਵਿਚ ਝੋਨੇ ਦੀ ਫਸਲ ਬਿਮਾਰੀ ਦਾ ਸ਼ਿਕਾਰ ਹੋ ਗਈ ਹੈ ਅਤੇ ਕਿਸਾਨਾਂ ਦੀ ਕਈ ਏਕੜ ਫਸਲ ਖ਼ਰਾਬ ਹੋ ਚੁੱਕੀ ਹੈ। ਫ਼ਸਲ ਦੇ ਹਾਲਾਤ ਇਹ ਰਹੇ ਹਨ ਕਿ ਨਾ ਤਾਂ ਫ਼ਸਲ ਵਿੱਚ ਵਾਧਾ ਹੋ ਰਿਹਾ ਸੀ ਅਤੇ ਨਾ ਹੀ ਉਸ ਨੂੰ ਝਾੜ ਪਿਆ। ਲੱਗੀ ਲਗਾਈ ਫਸਲ ਨੂੰ ਕਿਸਾਨਾਂ ਵੱਲੋਂ ਖੇਤਾਂ ਵਿੱਚ ਹੀ ਵਾਹ ਦਿੱਤਾ ਗਿਆ। ਇਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਉੱਤੇ ਆਰਥਿਕ ਬੋਝ ਵਧ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਸ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਬਾਬਤ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ ਤੇ ਅੱਜ ਉਨ੍ਹਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। Paddy crop damaged compensation in Rupnagar
ਕਿਸਾਨ ਜਥੇਬੰਦੀਆਂ ਵੱਲੋਂ ਮੋਰਿੰਡਾ ਦੇ ਟੀ ਪੁਆਇੰਟ ਜਿਸ ਨੂੰ ਲਾਈਟਾਂ ਵਾਲਾ ਚੌਕ ਵੀ ਕਿਹਾ ਜਾਂਦਾ ਹੈ, ਉਸ ਵਿੱਚ ਆਵਾਜਾਈ ਰੋਕ ਦਿੱਤੀ ਗਈ ਅਤੇ ਉਸ ਚੌਕ ਨੂੰ ਚਾਰੇ ਪਾਸਿਓਂ ਬੰਦ ਕਰਨ ਤੋਂ ਬਾਅਦ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਫ਼ਸਲ ਦੇ ਨੁਕਸਾਨ ਬਾਬਤ ਐੱਸਡੀਐੱਮ ਮੋਰਿੰਡਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਉੱਤੇ ਕਿਸਾਨ ਜਥੇਬੰਦੀ ਵੱਲੋਂ ਕਿਹਾ ਗਿਆ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਜਾਵੇਗਾ। ਇਸ ਧਰਨੇ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਦੂਜੇ ਪਾਸੇ, ਐਸਡੀਐਮ ਅਮਰੀਕ ਸਿੰਘ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਆਦੇਸ਼ਾਂ ਉੱਤੇ ਇਸ ਵਕਤ ਸਰਵੇ ਕੀਤਾ ਜਾ ਰਿਹਾ ਹੈ ਕਿ ਕਿਹੜੇ ਕਿਹੜੇ ਪਿੰਡਾਂ ਵਿੱਚ ਕਿੰਨੀ ਕਿੰਨੀ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਜਿਸ ਤੋਂ ਬਾਅਦ ਇਹ ਰਿਪੋਰਟ ਡਿਪਟੀ ਕਮਿਸ਼ਨਰ ਰੂਪਨਗਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਗਿਰਦਾਵਰੀ ਲਈ ਅਗਲੇ ਹੁਕਮ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ: ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ 'ਆਪ' 'ਚ ਹੋਏ ਸ਼ਾਮਿਲ