ਰੂਪਨਗਰ: ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਦਾ ਤਬਾਦਲਾ ਚੰਡੀਗੜ੍ਹ ਹੋ ਗਿਆ ਹੈ ਅਤੇ ਉਹ ਹੁਣ ਪੰਜਾਬ ਸਮਾਲ ਇੰਡਸਟਰੀ ਦੇ ਐਮਡੀ ਵਜੋਂ ਅਹੁਦਾ ਸੰਭਾਲਣਗੇ। ਡਾਕਟਰ ਸੁਮਿਤ ਜਰੰਗਲ ਰੂਪਨਗਰ ਵਿੱਚ ਕਰੀਬ ਡੇਢ ਸਾਲ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਤੈਨਾਤ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਕਈ ਵਿਕਾਸ ਪ੍ਰਾਜੈਕਟ ਮੁਕੰਮਲ ਕਰਵਾਏ।
ਸ਼ੁੱਕਰਵਾਰ ਨੂੰ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਇਸ ਜ਼ਿਲ੍ਹੇ ਵਿੱਚ ਕੰਮ ਕਰਨ ਦਾ ਤਜ਼ਰਬਾ ਬਹੁਤ ਵਧੀਆ ਰਿਹਾ ਅਤੇ ਕਾਫ਼ੀ ਕੁੱਝ ਇੱਥੋਂ ਨਵਾਂ ਸਿੱਖਣ ਨੂੰ ਵੀ ਮਿਲਿਆ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਹਰ ਸਾਲ ਹੋਲਾ-ਮਹੱਲਾ ਮਨਾਇਆ ਜਾਂਦਾ ਹੈ ਉਹ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ। ਇਸ ਸਾਰੇ ਸਮਾਗਮ ਵਿੱਚ 15 ਤੋਂ 20 ਲੱਖ ਲੋਕ ਸ਼ਾਮਿਲ ਹੁੰਦੇ ਹਨ ਅਤੇ ਅਜਿਹੇ ਸਮਾਗਮ ਦਾ ਪ੍ਰਬੰਧ ਕਰਨ ਦਾ ਤਜ਼ਰਬਾ ਬਹੁਤ ਚੰਗਾ ਰਿਹਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੂਪਨਗਰ ਦਾ 25 ਪ੍ਰਤੀਸ਼ਤ ਸੀਵਰੇਜ ਜੁੜਿਆ ਨਹੀਂ ਹੋਇਆ, ਜਿਸ ਦਾ ਜੁੜਿਆ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਸਰ ਮੀਡੀਆ ਦੇ ਵਿੱਚ ਖ਼ਬਰਾਂ ਵੀ ਲੱਗਦੀਆਂ ਹਨ ਕਿ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਕਸ ਹੁੰਦਾ ਹੈ ਅਤੇ ਲੋਕ ਇਸ ਨੂੰ ਪੀਂਦੇ ਹਨ ਤੇ ਮੈਂ ਸਮਝਦਾ ਹਾਂ ਕਿ ਇਹ ਪ੍ਰਾਜੈਕਟ ਬਹੁਤ ਵੱਡਾ ਚੈਲੇਂਜ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਮੁਕੰਮਲ ਕਰਨ ਲਈ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਸ਼ਾਹੀਨ ਬਾਗ਼ 'ਚ ਡਟੇ ਪੰਜਾਬ ਦੇ ਕਿਸਾਨ, ਕਿਹਾ- ਸਰਕਾਰ ਕਰ ਰਹੀ ਮੁਸਲਮਾਨਾਂ ਨਾਲ ਵਿਤਕਰਾ
ਡਾ. ਸੁਮਿਤ ਜਾਰੰਗਲ ਨੇ ਕਿਹਾ ਕਿ ਦੂਜੇ ਨੰਬਰ 'ਤੇ ਸ਼ਹਿਰ ਦਾ ਬੱਸ ਸਟੈਂਡ ਜੋ ਨਵੇਂ ਸਥਾਨ 'ਤੇ ਜਾਣਾ ਹੈ, ਉਹ ਵੀ ਇੱਕ ਵੱਡਾ ਪ੍ਰਾਜੈਕਟ ਹੈ ਜਿਸ ਲਈ ਆਉਣ ਵਾਲੇ ਦਿਨਾਂ ਵਿੱਚ ਇੰਪਰੂਵਮੈਂਟ ਟਰੱਸਟ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿਹਦੇ ਵਿੱਚ ਇਸ ਦਾ ਮਤਾ ਪਾਸ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਜਿਹੜੀਆਂ ਸੜਕਾਂ ਦੀ ਮੁਰੰਮਤ ਹੋਣੀ ਹੈ ਉਨ੍ਹਾਂ ਦੇ ਵੀ ਸਾਰੇ ਟੈਂਡਰ ਤਕਰੀਬਨ ਮੁਕੰਮਲ ਹੋ ਚੁੱਕੇ ਹਨ ਅਤੇ ਜਿਵੇਂ ਹੀ ਮੌਸਮ ਦੇ ਵਿੱਚ ਤਬਦੀਲੀ ਆਵੇਗੀ, ਉਨ੍ਹਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਦੇ ਇਲਾਕੇ ਦੇ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਉਮੀਦ ਹੈ ਕਿ ਉਹ ਪ੍ਰਾਜੈਕਟ ਵੀ ਜਲਦ ਹੀ ਪੂਰਾ ਕਰ ਲਿਆ ਜਾਵੇਗਾ।