ਚੰਡੀਗੜ੍ਹ: ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈ ਅਤੇ ਸੁਪਰ-ਡੁਪਰ ਹਿੱਟ ਰਹੀ ਧਾਰਮਿਕ ਫਿਲਮ 'ਮਸਤਾਨੇ' ਦਾ ਬਤੌਰ ਅਦਾਕਾਰ ਸ਼ਾਨਦਾਰ ਹਿੱਸਾ ਰਹੇ ਹਨ ਤਰਸੇਮ ਜੱਸੜ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ "ਗੁਰੂ ਨਾਨਕ ਜਹਾਜ" (ਕਾਮਾਗਾਟਾ ਮਾਰੂ ਦੀ ਯਾਤਰਾ) ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਉਹ ਇੱਕ ਬਿਲਕੁੱਲ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ।
'ਵੇਹਲੀ ਜਨਤਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਇੱਕ ਹੋਰ ਬਿਹਤਰੀਨ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡਿਓ 2', 'ਰੱਬ ਦਾ ਰੇਡਿਓ 3' ਅਤੇ 'ਮਸਤਾਨੇ' ਜਿਹੀਆਂ ਪ੍ਰਭਾਵਪੂਰਨ ਫਿਲਮਾਂ ਨੂੰ ਵੀ ਨਿਰਦੇਸ਼ਕ ਦੇ ਰੂਪ ਵਿੱਚ ਸਾਹਮਣੇ ਲਿਆਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪੰਜਾਬ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਆਉਂਦੇ ਵੈਨਕੂਵਰ ਅਤੇ ਉਥੋਂ ਦੇ ਹੀ ਦਰਿਆਈ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਲੀਡ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ ਅਦਾਕਾਰ ਤਰਸੇਮ ਜੱਸੜ, ਜੋ ਗ਼ਦਰੀ ਬਾਬਿਆਂ ਦੇ ਮਾਣ ਭਰੇ ਰਹੇ ਇਤਿਹਾਸ ਨੂੰ ਇਸ ਮਾਣਮੱਤੀ ਫਿਲਮ ਦੁਆਰਾ ਦਹਾਕਿਆਂ ਬਾਅਦ ਮੁੜ ਪ੍ਰਤੀਬਿੰਬ ਕਰਨ ਜਾ ਰਹੇ ਹਨ।
ਨਿਰਮਾਤਾ ਮਨਪ੍ਰੀਤ ਜੌਹਲ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਦਾ ਲੇਖਨ ਹਰਨਵ ਬੀਰ ਸਿੰਘ ਅਤੇ ਸ਼ਰਨ ਆਰਟ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਕਾਫ਼ੀ ਖੋਜ ਅਤੇ ਡੂੰਘਾਈ ਅਧੀਨ ਗ਼ਦਰੀ ਬਾਬਿਆਂ ਦੀ ਰਹਿਨੁਮਾਈ ਹੇਠ ਕਾਮਾਗਾਟਾ ਮਾਰੂ ਸੁਮੰਦਰੀ ਜਹਾਜ਼ ਦੁਆਰਾ ਪਹਿਲੀ ਵਾਰ ਕੈਨੇਡਾ ਦੀ ਧਰਤੀ ਪੁੱਜਣ ਵਾਲੇ ਸਿੱਖ ਸਮੁਦਾਏ ਦੀ ਯਾਤਰਾ ਅਤੇ ਉਨ੍ਹਾਂ ਨਾਲ ਵਾਪਰੇ ਘਟਨਾਕ੍ਰਮ ਬਿਰਤਾਂਤ ਨੂੰ ਬਹੁਤ ਹੀ ਕੁਸ਼ਲਤਾਪੂਰਵਕ ਉਕਤ ਫਿਲਮ ਦੁਆਰਾ ਦਰਸਾਇਆ ਜਾ ਰਿਹਾ ਹੈ।
ਸਾਲ 2025 ਦੀ ਪਹਿਲੀ ਵੱਡੀ ਅਤੇ ਮਹਿੰਗੀ ਪੰਜਾਬੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ ਅਤੇ ਕੈਨੇਡੀਅਨ ਵਸੇਂਦੇ ਪੰਜਾਬ ਮੂਲ ਦੇ ਐਕਟਰ ਹਰਸ਼ਰਨ ਸਿੰਘ ਆਦਿ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਇਹ ਵੀ ਪੜ੍ਹੋ: