ਰੂਪਨਗਰ : ਪੰਜਾਬ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਖੇਡਾਂ ਨੂੰ ਲੈ ਕੇ ਲਗਾਤਾਰ ਯਤਨਸ਼ੀਲ ਹੈ ਤੇ ਖੇਡਾਂ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਵੀ ਨਿਰੰਤਰ ਜਾਰੀ ਹਨ। ਜਲਦ ਹੀ ਸਾਡਾ ਸੂਬਾ ਪੰਜਾਬ ਖੇਡਾਂ ਨੂੰ ਲੈ ਕੇ ਪੂਰੇ ਭਾਰਤ ਵਿੱਚੋਂ ਪਹਿਲੇ ਨੰਬਰ ਉੱਤੇ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੋੜੀ ਨੇ 31ਵੇਂ ਦਸਮੇਸ਼ ਹਾਵਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਲਿਆਂਦੀ ਗਈ ਪਵਿੱਤਰ ਜੋਤ ਜਗਾਈ ਗਈ ਤੇ ਏਕਤਾ ਦਾ ਪ੍ਰਤੀਕ ਰੰਗ ਬਿਰੰਗੇ ਗੁਬਾਰੇ ਤੇ ਕਬੂਤਰ ਆਸਮਾਨ ਵਿੱਚ ਛੱਡੇ ਗਏ।
ਟੂਰਨਾਮੈਂਟ ਕਰਵਾਉਣਾ ਸ਼ਲਾਘਾਯੋਗ ਕਦਮ: ਜੈ ਕਿਸ਼ਨ ਸਿੰਘ ਰੋੜੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਇਸ ਮੈਦਾਨ ਵਿੱਚ ਰਾਸ਼ਟਰੀ ਪੱਧਰ ਉਤੇ ਹਾਕੀ ਟੂਰਨਾਮੈਂਟ ਕਰਵਾਉਣਾ, ਜਿੱਥੇ ਆਸਾਨ ਕੰਮ ਨਹੀਂ ਹੈ। ਉੱਥੇ ਲਗਾਤਾਰ ਟੂਰਨਾਮੈਂਟ ਕਰਵਾਉਣਾ ਉਸ ਤੋਂ ਵੀ ਜ਼ਿਆਦਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਐਡਵੋਕੇਟ ਐਸਐਸ ਸੈਣੀ ਜਨਰਲ ਸਕੱਤਰ ਅਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।
ਇਹ ਵੀ ਪੜ੍ਹੋ : SKM on Punjab Govt: ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨੂੰ ਯਾਦ ਕਰਵਾਏ ਵਾਅਦੇ
ਪੰਜਾਬ ਦੀ ਪ੍ਰਤੀਨਿਧਤਾ ਤੋਂ ਬਿਨਾਂ ਭਾਰਤੀ ਹੀਕੀ ਟੀਮ ਅਧੂਰੀ : ਉਨ੍ਹਾਂ ਕਿਹਾ ਕਿ ਹਾਕਸ ਕਲੱਬ ਵੱਲੋਂ ਓਲੰਪੀਅਨ ਪ੍ਰਗਟ ਸਿੰਘ, ਧਰਮਵੀਰ ਸਿੰਘ ਅਤੇ ਗੁਰਿੰਦਰ ਸਿੰਘ ਵਰਗੇ ਵਿਸ਼ਵ ਪੱਧਰ ਦੇ ਨਾਮਵਰ ਹਾਕੀ ਖਿਡਾਰੀ ਪੈਦਾ ਕੀਤੇ ਗਏ ਹਨ। ਜੋ ਕਿ ਇਸ ਕਲੱਬ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿਰਫ ਹਾਕੀ ਹੀ ਅਜਿਹੀ ਖੇਡ ਹੈ ਜਿਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਤੋਂ ਬਿਨਾਂ ਟੀਮ ਅਧੂਰੀ ਰਹਿੰਦੀ ਹੈ। ਸੂਬੇ ਨੂੰ ਇਹ ਮਾਣ ਪ੍ਰਾਪਤ ਹੈ ਕਿ ਦੇਸ਼ ਦੀ ਹਾਕੀ ਦੀ ਟੀਮ ਵਿੱਚ ਵੱਡੇ ਖਿਡਾਰੀ ਪੰਜਾਬ ਤੋਂ ਹੀ ਹਨ।
ਇਹ ਵੀ ਪੜ੍ਹੋ : Chandigarh Governor Meeting : ਪੰਜਾਬ ਦੇ ਰਾਜਪਾਲ ਅੱਜ ਚੰਡੀਗੜ੍ਹ ਪ੍ਰਸ਼ਾਸਕ ਨਾਲ ਕਰਨਗੇ ਮੀਟਿੰਗ, ਸੀਐਮ ਮਾਨ ਨਹੀਂ ਲੈਣਗੇ ਮੀਟਿੰਗ 'ਚ ਹਿੱਸਾ
ਨਵੀਨੀਕਰਨ ਲਈ ਗ੍ਰਾਂਟ ਦੀ ਪਹਿਲੀ ਕਿਸ਼ਤ ਜਾਰੀ : ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸੰਬੋਧਨ ਕਰਦਿਆਂ ਹਾਕਸ ਕਲੱਬ ਵੱਲੋਂ ਕਰਵਾਏ ਜਾਂਦੇ ਇਸ ਹਾਕੀ ਫੈਸਟੀਵਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਲੱਬ ਵੱਲੋਂ ਆਰੰਭੇ ਜਾਣ ਵਾਲੇ ਸਟੇਡੀਅਮ ਦੇ ਨਵੀਨੀਕਰਨ ਲਈ ਜਿਸ ਤੇ ਘੱਟੋ-ਘੱਟ 1 ਕਰੋੜ ਦਾ ਖਰਚ ਆਵੇਗਾ, ਉਸ ਲਈ ਗ੍ਰਾਂਟ ਦੀ ਮੰਗ ਵੀ ਕੀਤੀ। ਜਿਸ ਉਤੇ ਗੌਰ ਕਰਦਿਆਂ ਜੈ ਕਿਸ਼ਨ ਸਿੰਘ ਰੋੜੀ ਵੱਲੋਂ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਪਹਿਲੀ ਕਿਸ਼ਤ ਵਜੋਂ ਦਿੰਦਿਆਂ ਭਵਿੱਖ ਵਿੱਚ ਵੀ ਕਲੱਬ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ।