ਸ੍ਰੀ ਆਨੰਦਪੁਰ ਸਾਹਿਬ: ਸ਼ਹਿਰ ਵਿਖੇ ਪੁੱਜੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਬਗਾਵਤ ਇਸ ਗੱਲ ਦਾ ਪ੍ਰਤੀਕ ਹੈ ਕਿ ਕਾਂਗਰਸੀ ਹੁਣ ਲੋਕਾਂ ਵਿੱਚ ਮੂੰਹ ਵਿਖਾਉਣ ਜੋਗੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਉਹ ਤਾਂ ਵਿਰੋਧ ਕਰ ਹੀ ਰਹੇ ਸਨ, ਪਰ ਹੁਣ ਕਾਂਗਰਸੀ ਵੀ ਖੁੱਲ੍ਹ ਕੇ ਕਹਿ ਰਹੇ ਹਨ ਕਿ ਇਹ ਮਾਫੀਆ ਸਰਕਾਰ ਹੈ, ਮਾਫੀਆ ਦਾ ਰਾਜ ਚੱਲ ਰਿਹਾ ਹੈ ਅਤੇ ਇਹ ਗੱਲਾਂ ਕਾਂਗਰਸੀ ਆਗੂਆਂ ਨੂੰ ਵੀ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਰੇ ਪੰਜਾਬ ਵਿੱਚ ਚੱਲ ਰਹੀ ਹੈ। ਰੋਪੜ ਜ਼ਿਲ੍ਹੇ ਵਿੱਚ ਤਾਂ ਹੱਦਾਂ ਹੀ ਟੁੱਟੀਆਂ ਪਈਆਂ ਹਨ ਅਤੇ ਖ਼ਬਰਾਂ ਵੀ ਨਸ਼ਰ ਹੋਈਆਂ ਹਨ। ਇਥੋਂ ਤੱਕ ਕਿ ਕੈਪਟਨ ਦੇ ਵਜ਼ੀਰਾਂ ਤੇ ਵਿਧਾਇਕਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਹੈ, ਆਪਣੇ ਇੱਕ-ਦੂਜੇ ਦੇ ਮਾਈਨਿੰਗ ਦੇ ਟੋਏ ਵਿਖਾਉਣ ਦਾ ਪਰ ਫਿਰ ਵੀ ਮੁੱਖ ਮੰਤਰੀ ਟੱਸ ਤੋਂ ਮਸ ਨਹੀਂ ਹੋਏ। ਹੁਣ ਉਹ ਨਾਜਾਇਜ਼ ਮਾਈਨਿੰਗ ਦਾ ਕੇਸ ਐਨ.ਜੀ.ਟੀ. ਕੋਲ ਲਿਜਾ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੋਲੋਂ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਚੱਲਣ ਬਾਰੇ ਹਿਸਾਬ ਮੰਗਿਆ ਤਾਂ ਉਸ ਦੀ ਫਾਈਲ ਦੇਣ ਨੂੰ ਵੀ ਤਿਆਰ ਨਹੀਂ ਹੈ, ਕਿਉਂਕਿ ਇਨ੍ਹਾਂ ਦੀ ਲੁੱਟ ਤੇ ਝੂਠ ਨੰਗੀ ਹੋ ਜਾਵੇਗਾ, ਜਿਸ ਨੂੰ ਛੁਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਾਰੇ ਕਾਨੂੰਨਾਂ ਅਤੇ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ।
ਖਾਲਿਸਤਾਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੰਜਾਬ ਦੇ ਅਮਨ ਵਾਲੇ ਮਾਹੌਲ ਅਤੇ ਸਦਭਾਵਨਾ ਨੂੰ ਜਜ਼ਬ ਨਹੀਂ ਕਰ ਪਾ ਰਹੇ ਹਨ।